ਪੁਣੇ, ਸ਼ਾਨਦਾਰ ਫਾਰਮ ’ਚ ਚੱਲ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ (108) ਦੇ ਸ਼ਾਨਦਾਰ ਸੈਂਕੜੇ ਦੀ ਮਦਦ ਨਾਲ ਦੱਖਣੀ ਅਫਰੀਕਾ ਵਿਰੁੱਧ ਦੂਜੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਠੋਸ ਸ਼ੁਰੂਆਤ ਕਰਦਿਆਂ ਭਾਰਤ ਨੇ ਤਿੰਨ ਵਿਕਟਾਂ ਗੁਆ ਕੇ 273 ਦੌੜਾਂ ਬਣਾ ਲਈਆਂ। ਖਰਾਬ ਰੌਸ਼ਨੀ ਕਾਰਨ ਖੇਡ 86 ਓਵਰ ’ਚ ਰੋਕ ਦਿੱਤਾ ਗਿਆ।
ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਲਿਆ। ਪਾਰੀ ਦੀ ਸ਼ੁਰੂਆਤ ਮਯੰਕ ਅਗਰਵਾਲ ਅਤੇ ਰੋਹਿਤ ਸ਼ਰਮਾ ਨੇ ਕੀਤੀ। ਸਕੋਰ ਬੋਰਡ ’ਤੇ ਅਜੇ 25 ਦੌੜਾਂ ਹੀ ਜੁੜੀਆਂ ਸਨ ਕਿ ਭਾਰਤ ਨੂੰ ਪਹਿਲਾ ਝਟਕਾ ਲੱਗਾ ਜਦੋਂ ਰੋਹਿਤ ਸ਼ਰਮਾ ਸਿਰਫ 14 ਦੌੜਾਂ ਬਣਾ ਕੇ ਆਊਟ ਹੋ ਗਏ। ਉਹ ਕੈਗਿਸੋ ਰਬਾਡਾ ਦੀ ਗੇਂਦ ’ਤੇ ਵਿਕਟਕੀਪਰ ਕੁਇੰਟਨ ਡੀ ਕਾਕ ਹੱਥੋਂ ਕੈਚ ਆਊਟ ਹੋਏ। ਇਸ ਮਗਰੋਂ ਮਗਰੋਂ ਬੱਲੇਬਾਜ਼ੀ ਕਰਨ ਆਏ ਪੁਜਾਰਾ ਨੇ ਮਯੰਕ ਦਾ ਵਧੀਆ ਸਾਥ ਦਿੱਤਾ ਅਤੇ ਦੋਵਾਂ ਨੇ ਅਰਧ ਸੈਂਕੜੇ ਪੂਰੇ ਕਰਦਿਆਂ ਦੂਜੀ ਵਿਕਟ ਲਈ 138 ਦੌੜਾਂ ਦੀ ਭਾਈਵਾਲੀ ਕੀਤੀ। ਪੁਜਾਰਾ ਨੇ 9 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 58 ਦੌੜਾਂ ਦੀ ਪਾਰੀ ਖੇਡੀ। ਉਹ 163 ਦੌੜਾਂ ਦੇ ਕੁੱਲ ਜੋੜ ’ਤੇ ਰਬਾਡਾ ਹੱਥੋਂ ਆਊਟ ਹੋ ਕੇ ਪਵੈਲੀਅਨ ਪਰਤੇ। ਪੁਜਾਰਾ ਦੇ ਆਊਟ ਹੋਣ ਮਗਰੋਂ ਕਪਤਾਨ ਵਿਰਾਟ ਕੋਹਲੀ ਅਤੇ ਮਯੰਕ ਨੇ ਸੰਭਲ ਕੇ ਖੇਡਦਿਆਂ ਪਾਰੀ ਨੂੰ ਅੱਗੇ ਵਧਾਉਣਾ ਜਾਰੀ ਰੱਖਿਆ। ਇਸੇ ਦੌਰਾਨ ਮਯੰਕ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਮੁਜ਼ਾਹਰਾ ਕਰਦਿਆਂ ਆਪਣਾ ਸੈਂਕੜਾ ਪੂਰਾ ਕੀਤਾ। ਆਪਣੀ ਸੈਂਕੜੇ ਵਾਲੀ ਪਾਰੀ ਮਯੰਕ (108) ਨੇ 16 ਚੌਕੇ ਅਤੇ ਇੱਕ ਛੱਕਾ ਮਾਰਿਆ। 198 ਦੌੜਾਂ ਦੇ ਕੁੱਲ ਜੋੜ ’ਤੇ ਮਯੰਕ ਅਗਰਵਾਲ ਅਫਰੀਕੀ ਤੇਜ਼ ਗੇਂਦਬਾਜ਼ ਰਬਾਡਾ ਦਾ ਤੀਜਾ ਸ਼ਿਕਾਰ ਬਣੇ ਅਤੇ ਫਾਫ ਡੂ ਪਲੈਸਿਸ ਨੂੰ ਕੈਚ ਦੇ ਬੈਠੇ। ਮਯੰਕ ਆਊੁਟ ਹੋਣ ਮਗਰੋਂ ਕਪਤਾਨ ਕੋਹਲੀ ਨੇ ਼ 10 ਚੌਕਿਆਂ ਮਦਦ ਨਾਲ 65 ਦੌੜਾਂ ਦੀ ਬਣਾਈਆਂ ਅਤੇ ਚੌਥੇ ਵਿਕਟ ਲਈ ਅਜਿੰਕਯਾ ਰਹਾਣੇ ਨਾਲ 75 ਦੌੜਾਂ ਦੀ ਸਾਂਝੇਦਾਰੀ ਕੀਤੀ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ 273/3 ਦੌੜਾਂ ਬਣਾ ਲਈਆਂ ਸਨ ਅਤੇ ਕਪਤਾਨ ਵਿਰਾਟ ਕੋਹਲੀ (63) ਅਤੇ ਅਜਿੰਕਯਾ ਰਹਾਣੇ (18) ਦੌੜਾਂ ਬਣਾ ਕੇ ਕ੍ਰੀਜ਼ ’ਤੇ ਸਨ।