ਨਵੀਂ ਦਿੱਲੀ, 19 ਮਾਰਚ
ਭਾਰਤ ਦੀ ਫਰਾਟਾ ਦੌੜਾਕ ਦੁੱਤੀ ਚੰਦ ਲਈ ਓਲੰਪਿਕ ਦੀ ਟਿਕਟ ਕਟਾਉਣਾ ਮੁਸ਼ਕਲ ਹੋ ਗਿਆ ਹੈ ਕਿਉਂਕਿ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਉਸ ਨੂੰ ਯਾਤਰਾ ਪਾਬੰਦੀਆਂ ਕਾਰਨ ਜਰਮਨੀ ਵਿੱਚ ਅਭਿਆਸ-ਕਮ-ਟੂਰਨਾਮੈਂਟਾਂ ’ਚ ਹਿੱਸਾ ਲੈਣ ਵਿੱਚ ਸਮੱਸਿਆ ਆ ਰਹੀ ਹੈ। ਦੁੱਤੀ ਨੇ ਜਰਮਨੀ ਵਿੱਚ 2 ਮਾਰਚ ਤੋਂ ਓਲੰਪਿਕ ਕੁਆਲੀਫਾਇਰਜ਼ ਵਿੱਚ ਹਿੱਸਾ ਲੈਣਾ ਸੀ, ਪਰ ਵੀਜ਼ਾ ਅਤੇ ਸਪਾਂਸਰਸ਼ਿਪ ਮਿਲਣ ਦੇ ਬਾਵਜੂਦ ਉਹ ਕਰੋਨਾਵਾਇਰਸ ਕਾਰਨ ਜਾ ਨਹੀਂ ਸਕੀ।
ਦੁੱਤੀ ਨੇ ਪਟਿਆਲਾ ਤੋਂ ਦੱਸਿਆ, “ਮੈਂ ਜਰਮਨੀ ਵਿੱਚ 2 ਮਾਰਚ ਤੋਂ ਅਭਿਆਸ ਕਮ ਟੂਰਨਾਮੈਂਟਾਂ ਵਿੱਚ ਹਿੱਸਾ ਲੈਣਾ ਸੀ। ਮੈਨੂੰ ਯੂਰੋਪ ਵਿੱਚ ਕੁਝ ਚੰਗੇ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸੀ ਤਾਂ ਕਿ ਮੈਂ ਓਲੰਪਿਕ ਲਈ ਕੁਆਲੀਫਾਈ ਕਰ ਸਕਾਂ। ਪਰ ਕਰੋਨਾਵਾਇਰਸ ਕਾਰਨ ਮੇਰੀਆਂ ਯੋਜਨਾਵਾਂ ਧਰੀਆਂ-ਧਰਾਈਆਂ ਰਹਿ ਗਈਆਂ।” ਉਸਨੇ ਕਿਹਾ,“ਮੈਂ ਵੀਜ਼ਾ ਅਤੇ ਬਾਕੀ ਯਾਤਰਾ ਦਸਤਾਵੇਜ਼ ਬਣਾ ਲਏ ਸਨ ਅਤੇ ਮੈਂ ਜਰਮਨੀ ਜਾਣ ਨੂੰ ਤਿਆਰ ਸੀ। ਮੈਨੂੰ ਉੱਥੋਂ ਸੁਨੇਹਾ ਮਿਲਿਆ ਕਿ ਕਰੋਨਾਵਾਇਰਸ ਕਾਰਨ ਮੈਂ ਉਥੇ ਨਾ ਆਵਾਂ। ਮੈਂ ਬਹੁਤ ਨਿਰਾਸ਼ ਹਾਂ।” ਦੁੱਤੀ ਨੇ ਏਸ਼ਿਆਈ ਖੇਡਾਂ-2018 ਵਿੱਚ 100 ਮੀਟਰ ਅਤੇ 200 ਮੀਟਰ ਵਿੱਚ ਚਾਂਦੀ ਦੇ ਤਗ਼ਮੇ ਜਿੱਤੇ ਸਨ। ਇਹ ਪੁੱਛਣ ’ਤੇ ਕਿ ਜੁਲਾਈ-ਅਗਸਤ ਵਿੱਚ ਟੋਕੀਓ ਵਿੱਚ ਹੋਣ ਵਾਲੇ ਓਲੰਪਿਕ ਲਈ ਕੁਆਲੀਫਾਈ ਕਰਨ ਸਬੰਧੀ ਉਸ ਨੂੰ ਕਿੰਨਾ ਕੁ ਭਰੋਸਾ ਹੈ। ਉਸਨੇ ਕਿਹਾ, “ਮੈਨੂੰ ਨਹੀਂ ਪਤਾ। ਮੈਨੂੰ ਲਗਦਾ ਹੈ ਕਿ ਮੈਂ ਕੁਆਲੀਫਾਈ ਨਹੀਂ ਕਰ ਸਕਾਂਗੀ।” ਉਸਨੇ ਕਿਹਾ, “ਓਲੰਪਿਕ ਲਈ ਕੁਆਲੀਫਾਈ ਕਰਨਾ ਮੁਸ਼ਕਲ ਹੈ ਕਿਉਂਕਿ ਕੁਆਲੀਫਿਕੇਸ਼ਨ ਮਾਰਕ 11. 15 ਸੈਕਿੰਡ ਹੈ। ਯੂਰੋਪ ਵਿੱਚ ਮੁਕਾਬਲਾ ਸਖ਼ਤ ਹੁੰਦਾ ਹੈ, ਜੋ ਉਥੇ ਸੰਭਵ ਨਹੀਂ ਹੈ।’’ ਦੁੱਤੀ ਦਾ ਨਿੱਜੀ ਬਿਹਤਰੀਨ ਪ੍ਰਦਰਸ਼ਨ 11.22 ਸੈਕਿੰਡ ਹੈ। ਉਸ ਨੂੰ ਉਮੀਦ ਹੈ ਕਿ ਹਾਲਾਤ ਛੇਤੀ ਸੁਧਰਨਗੇ ਅਤੇ ਉਸ ਨੂੰ ਯੂਰੋਪ ’ਚ ਮੁਕਾਬਲੇ ਖੇਡਣ ਦਾ ਮੌਕਾ ਮਿਲੇਗਾ।