ਨਵੀਂ ਦਿੱਲੀ/ਪੇਈਚਿੰਗ:ਭਾਰਤ ਦੇ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਅੱਜ ਕਿਹਾ ਕਿ ਭਾਰਤ ਨੇ ਚੀਨ ਨੂੰ ਸਾਫ਼ ਕਰ ਦਿੱਤਾ ਹੈ ਕਿ ਦੁਵੱਲੇ ਰਿਸ਼ਤਿਆਂ ਦੇ ਵਿਕਾਸ ਲਈ ਸਰਹੱਦੀ ਖੇਤਰਾਂ ਵਿੱਚ ਅਮਨ ਤੇ ਸ਼ਾਂਤੀ ਜ਼ਰੂਰੀ ਹੈ ਤੇ ਦੁਵੱਲੇ ਰਿਸ਼ਤੇ ਪਰਸਪਰ ਸਤਿਕਾਰ, ਸੰਵੇਦਨਸ਼ੀਲਤਾ ਤੇ ਹਿੱਤਾਂ ਉੱਤੇ ਅਧਾਰਿਤ ਹੋਣੇ ਚਾਹੀਦੇ ਹਨ। ਸ਼੍ਰਿੰਗਲਾ ਨੇ ਕਿਹਾ ਕਿ ਉਹ (ਭਾਰਤ) ਪਾਕਿਸਤਾਨ ਨਾਲ ਚੰਗੇ ਰਿਸ਼ਤਿਆਂ ਦੀ ਕਾਇਮੀ ਲਈ ਖਾਹਿਸ਼ਮੰਦ ਹਨ, ਪਰ ਇਹ ਆਪਣੀ ਸੁਰੱਖਿਆ ਦੀ ਕੀਮਤ ’ਤੇ ਨਹੀਂ ਹੋ ਸਕਦੇ। ਲਾਲ ਬਹਾਦਰ ਸ਼ਾਸਤਰੀ ਨੈੈਸ਼ਨਲ ਅਕੈਡਮੀ ਆਫ਼ ਐਡਮਨਿਸਟਰੇਸ਼ਨ ਦੇ ਇਕ ਸਮਾਗਮ ਦੌਰਾਨ ਬੋਲਦਿਆਂ ਸ਼੍ਰਿੰਗਲਾ ਨੇ ਕਿਹਾ, ‘‘ਅਸੀਂ ਚੀਨ ਨੂੰ ਸਾਫ਼ ਕਰ ਦਿੱਤਾ ਹੈ ਕਿ ਦੁਵੱਲੇ ਸਬੰਧਾਂ ਦੀ ਬਿਹਤਰੀ ਤੇ ਵਿਕਾਸ ਲਈ ਸਰਹੱਦੀ ਖੇਤਰਾਂ ’ਚ ਅਮਨ ਤੇ ਸ਼ਾਂਤੀ ਜ਼ਰੂਰੀ ਹੈ।’’ ਉਧਰ ਚੀਨ ਨੇ ਅੱਜ ਆਸ ਜਤਾਈ ਕਿ ਭਾਰਤ ਨਾਲ 11 ਮਾਰਚ ਨੂੰ ਹੋਣ ਵਾਲੀ 15ਵੇਂ ਗੇੜ ਦੀ ਉੱਚ ਪੱਧਰੀ ਫੌਜੀ ਗੱਲਬਾਤ ਦੌਰਾਨ ਦੋਵੇਂ ਗੁਆਂਢੀ ‘ਅੱਗੇ ਵੱਲ ਨੂੰ ਪੈਰ ਪੁੱਟਦਿਆਂ’ ਅਜਿਹੇ ‘ਢੁੱਕਵੇਂ ਸਮਝੌਤੇ’ ਉੱਤੇ ਅੱਪੜਨਗੇ, ਜੋ ਦੋਵਾਂ ਧਿਰਾਂ ਨੂੰ ਮਨਜ਼ੂਰ ਹੋਵੇਗਾ।