ਨਵੀਂ ਦਿੱਲੀ, 5 ਜਨਵਰੀ

ਬੌਲੀਵੁੱਡ ਸਟਾਰ ਦੀਪਿਕਾ ਪਾਦੂਕੋਨ ਨਾਲ ਇੱਕ ਫਿਲਮ ਵਿੱਚ ਕੰਮ ਕਰ ਰਹੀ ਉੱਭਰਦੀ ਅਦਾਕਾਰਾ ਅਨੰਨਿਆ ਪਾਂਡੇ ਨੇ ਕਿਹਾ ਕਿ ਦੀਪਿਕਾ ਨਾਲ ਕੰਮ ਕਰਨ ’ਚ ਡਰਨ ਵਾਲੀ ਕੋਈ ਗੱਲ ਨਹੀਂ। ਉਹ ਦੀਪਿਕਾ ਨੂੰ ਸਭ ਤੋਂ ਵੱਧ ਹਰਮਨਪਿਆਰੀ ਮੰਨਦੀ ਹੈ।

ਅਨੰਨਿਆ ਇਸ ਸਮੇਂ ਸ਼ਕੁਨ ਬੱਤਰਾ ਦੀ ਅਗਲੀ ਫ਼ਿਲਮ ਵਿੱਚ ਦੀਪਿਕਾ ਨਾਲ ਕੰਮ ਕਰ ਰਹੀ ਹੈ। ਇਸ ਫਿਲਮ ਵਿੱਚ ਅਦਾਕਾਰ ਸਿਧਾਂਤ ਚਤੁਰਵੇਦੀ ਵੀ ਨਜ਼ਰ ਆਵੇਗਾ। ਇਹ ਪੁੱਛਣ ’ਤੇ ਕੀ ਉਹ ਇੱਕ ਸਟਾਰ ਨਾਲ ਕੰਮ ਕਰਨ ਤੋਂ ਡਰਦੀ ਹੈ ਤਾਂ ਅਨੰਨਿਆ ਨੇ ਕਿਹਾ, ‘ਬਿਲਕੁਲ ਨਹੀਂ। ਦੀਪਿਕਾ ਬਹੁਤ ਪਿਆਰੀ ਹੈ। ਜਿੰਨੀ ਖ਼ੂਬਸੂਰਤ ਉਹ ਬਾਹਰੋਂ ਹੈ, ਅੰਦਰੋਂ ਵੀ ਓਨੀ ਹੀ ਖ਼ੂਬਸੂਰਤ ਹੈ। ਉਹ ਸਭ ਤੋਂ ਚੰਗੇ ਅਤੇ ਨਿੱਘੇ ਲੋਕਾਂ ਵਿੱਚੋਂ ਹੈ। ਉਹ ਸੱਚਮੁੱਚ ਮੇਰੀ ਭੈਣ ਵਾਂਗ ਹੈ। ਸਾਡਾ ਚੰਗਾ ਰਿਸ਼ਤਾ ਹੈ।’

ਅਨੰਨਿਆ ਪਾਂਡੇ, ਕਰੀਨਾ ਕਪੂਰ ਖ਼ਾਨ ਤੋਂ ਵੀ ਪ੍ਰਭਾਵਿਤ ਹੈ, ਖ਼ਾਸ ਕਰਕੇ ਕਰਨ ਜੌਹਰ ਦੀ 2001 ਦੀ ਫ਼ਿਲਮ ‘ਕਭੀ ਖ਼ੁਸ਼ੀ ਕਭੀ ਗਮ’ ਵਿੱਚ ਉਸ ਵੱਲੋਂ ਨਿਭਾਏ ਕਿਰਦਾਰ ‘ਪੂ’ ਤੋਂ ਉਹ ਬਹੁਤ ਪ੍ਰਭਾਵਿਤ ਹੋਈ। ਉਸ ਨੇ ਹਾਲ ਹੀ ਵਿੱਚ ਕਰੀਨਾ ਨਾਲ ਗੱਲ ਵੀ ਕੀਤੀ। ਅਨੰਨਿਆ ਹਾਲ ਹੀ ਵਿੱਚ ਇਸ਼ਾਨ ਖੱਟੜ ਨਾਲ ਫ਼ਿਲਮ ‘ਖਾਲੀ ਪੀਲੀ’ ਵਿੱਚ ਨਜ਼ਰ ਆਈ ਸੀ।