ਮੁੰਬਈ, 21 ਜੁਲਾਈ

ਦੀਪਿਕਾ ਪਾਦੂਕੋਣ ਤੇ ਪ੍ਰਭਾਸ ਦੋਵੇਂ ਪਹਿਲੀ ਵਾਰ ਇਕੱਠਿਆਂ ਵਿਗਿਆਨ ਆਧਾਰਿਤ ਬਣ ਰਹੀ ਬਹੁ-ਭਾਸ਼ਾਈ ਫਿਲਮ ’ਚ ਕੰਮ ਕਰਨ ਜਾ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਨਾਗ ਅਸ਼ਵਿਨ ਕਰਨਗੇ। ਵਿਜਯੰਤੀ ਮੂਵੀਜ਼, ਜਿਸ ਨੇ ਫਿਲਮ ਇੰਡਸਟਰੀ ’ਚ 50 ਸਾਲ ਪੂਰੇ ਕੀਤੇ ਹਨ, ਨੇ ਆਪਣੀ ਗੋਲਡਨ ਜੁਬਲੀ ਮੌਕੇ ਅੱਜ ਇਸ ਪ੍ਰਾਜੈਕਟ ਦਾ ਐਲਾਨ ਕੀਤਾ ਹੈ। ਦੀਪਿਕਾ ਨੇ ਇੰਸਟਾਗ੍ਰਾਮ ’ਤੇ ਇਸ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ ਕਿ ਉਹ ਇਸ ਪ੍ਰਾਜੈਕਟ ਦਾ ਹਿੱਸਾ ਬਣ ਕੇ ਬਹੁਤ ਉਤਸ਼ਾਹਿਤ ਹੈ ਤੇ ਉਹ ਇਸ ਲਈ ਹੋਰ ਉਡੀਕ ਨਹੀਂ ਕਰ ਸਕਦੀ। ਪ੍ਰਭਾਵ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦੀਪਿਕਾ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹੈ। ਜ਼ਿਕਰਯੋਗ ਹੈ ਕਿ ਪ੍ਰਭਾਸ ਦੀ ਹੁਣ ਤੱਕ ਦੀ ਆਖਰੀ ਫਿਲਮ 2019 ’ਚ ਆਈ ‘ਸਾਹੋ’ ਸੀ ਜਿਸ ’ਚ ਉਸ ਨੇ ਸ਼ਰਧਾ ਕਪੂਰ ਨਾਲ ਕੰਮ ਕੀਤਾ ਸੀ ਜਦਕਿ ਦੀਪਿਕਾ ਦੀ ਆਖਰੀ ਫਿਲਮ ਮੇਘਨਾ ਗੁਲਜ਼ਾਰ ਦੀ ‘ਛਪਾਕ’ ਸੀ। ਕੌਮੀ ਐਵਾਰਡ ਜੇਤੂ ਨਿਰਦੇਸ਼ ਅਸ਼ਵਿਨ ਨੇ ਕਿਹਾ ਦੀਪਿਕਾ ਤੇ ਪ੍ਰਭਾਸ ਇਸ ਫਿਲਮ ਦਾ ਕੇਂਦਰ ਹੋਣਗੇ। ਉਨ੍ਹਾਂ ਕਿਹਾ ਕਿ ਉਹ ਦੀਪਿਕਾ ਦੀ ਅਦਾਕਾਰੀ ਦੇਖਣਾ ਚਾਹੁੰਦੇ ਹਨ।