ਲਾਸ ਏਂਜਲਸ : ਮਸ਼ਹੂਰ ਫ਼ਿਲਮਕਾਰ ਦੀਪਾ ਮਹਿਤਾ ਦੀ ਆਉਣ ਵਾਲੀ ਫ਼ਿਲਮ ‘ਫਨੀ ਬੁਆਏ’ ਨੂੰ ਆਸਕਰ ਲਈ ਨਾਮਜ਼ਦ ਕੀਤਾ ਗਿਆ ਹੈ। 93ਵੇਂ ਅਕਾਦਮੀ ਪੁਰਸਕਾਰ ਵਿਚ ਇਹ ਫ਼ਿਲਮ ਸਰਬੋਤਮ ਅੰਤਰਰਾਸ਼ਟਰੀ ਫ਼ਿਲਮ ਸ਼੍ਰੇਣੀ ਵਿਚ ਕੈਨੇਡਾ ਦਾ ਪ੍ਰਤੀਨਿਧਤਵ ਕਰੇਗੀ। ਇਸ ਸ਼੍ਰੇਣੀ ਦੇ ਮੁਕਾਬਲੇ ਵਿਚ ਦੂਜੀ ਵਾਰ ਇਸ ਡਾਇਰੈਕਟਰ ਦੀ ਫ਼ਿਲਮ ਸ਼ਾਮਲ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾ ਸਾਲ 2007 ਵਿਚ ਦੀਪਾ ਦੀ ਫ਼ਿਲਮ ‘ਵਾਟਰ’ ਨੂੰ ਅੰਤਰਰਾਸ਼ਟਰੀ ਫੀਚਰ ਫ਼ਿਲਮ ਸ਼੍ਰੇਣੀ ਵਿਚ ਨਾਮਜ਼ਦ ਕੀਤਾ ਗਿਆ ਸੀ। ‘ਅਰਥ’ ਅਤੇ ‘ਫਾਇਰ’ ਵਰਗੀਆਂ ਚਰਚਿਤ ਫ਼ਿਲਮਾਂ ਦਾ ਨਿਰਦੇਸ਼ਨ ਵੀ ਦੀਪਾ ਨੇ ਹੀ ਕੀਤਾ ਸੀ।

ਸ਼ਯਾਮ ਸੇਲਵਾਦੁਰਈ ਦੇ ਸਾਲ 1994 ਵਿਚ ਲਿਖੇ ਗਏ ਨਾਵਲ ‘ਫਨੀ ਬੁਆਏ’ ਦੇ ਹੀ ਸਿਰਲੇਖ ‘ਤੇ ਦੀਪਾ ਨੇ ਇਹ ਫ਼ਿਲਮ ਬਣਾਈ ਹੈ। ਇਹ ਫ਼ਿਲਮ 70 ਅਤੇ 80 ਦੇ ਦਹਾਕੇ ਦੌਰਾਨ ਸ੍ਰੀਲੰਕਾ ਵਿਚ ਇਕ ਨੌਜਵਾਨ ਦੇ ਅਨੁਭਵਾਂ ‘ਤੇ ਆਧਾਰਤ ਹੈ। ਘੱਟ ਗਿਣਤੀ ਤਾਮਿਲਾਂ ਅਤੇ ਬਹੁ-ਗਿਣਤੀ ਸਿਨਹਾਲੀ ਭਾਈਚਾਰੇ ਵਿਚਕਾਰ ਰਾਜਨੀਤਕ ਤਣਾਅ ਸਿਖਰ ‘ਤੇ ਸੀ। ਨੌਜਵਾਨ ਇਕ ਅਜਿਹੇ ਪਰਿਵਾਰ ਵਿਚ ਪਲ ਰਿਹਾ ਹੈ, ਜੋ ਸਮਾਜਿਕ ਨਿਯਮਾਂ ਦੇ ਬਾਹਰ ਜਾ ਕੇ ਕਿਸੇ ਨੂੰ ਸਵੀਕਾਰ ਨਹੀਂ ਕਰ ਸਕਦਾ ਹੈ।

ਆਸਕਰ ਲਈ ਦੇਸ਼ ਦੀ ਫ਼ਿਲਮ ਬਾਰੇ ਫ਼ੈਸਲਾ ਕਰਨ ਵਾਲੀ ਕੈਨੇਡਾ ਦੀ ਚੋਣ ਕਮੇਟੀ ਦੀ ਪ੍ਰਧਾਨਗੀ ਕਰਨ ਵਾਲੇ ‘ਟੈਲੀਫਿਲਮ ਕੈਨੇਡਾ’ ਦੀ ਕਾਰਜਕਾਰੀ ਡਾਇਰੈਕਟਰ ਕ੍ਰਿਸਟਾ ਡਿਕੈਨਸਨ ਨੇ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਦੀਪਾ ਮਹਿਤਾ ਦੀ ‘ਫਨੀ ਬੁਆਏ’ ਅਕਾਦਮੀ ਦੇ ਮੈਂਬਰਾਂ ਨੂੰ ਉਸੇ ਤਰ੍ਹਾਂ ਪਸੰਦ ਆਏਗੀ, ਜਿਸ ਤਰ੍ਹਾਂ 2007 ਵਿਚ ਉਨ੍ਹਾਂ ਦੀ ਫ਼ਿਲਮ ‘ਵਾਟਰ’ ਨੂੰ ਪਸੰਦ ਕੀਤਾ ਗਿਆ ਸੀ।

ਨਵੀਂ ਦਿੱਲੀ ਵਿਚ ਜਨਮੀ ਅਤੇ ਟੋਰਾਂਟੋ ਵਿਚ ਰਹਿਣ ਵਾਲੀ ਦੀਪਾ ਮਹਿਤਾ ਦਾ ਮੰਨਣਾ ਹੈ ਕਿ ‘ਫਨੀ ਬੁਆਏ’ ਵੰਡੀ ਹੋਈ ਦੁਨੀਆ ਵਿਚ ਉਮੀਦ ਪੈਦਾ ਕਰਦੀ ਹੈ। ਉਨ੍ਹਾਂ ਆਸਕਰ ਲਈ ‘ਫਨੀ ਬੁਆਏ’ ਨੂੰ ਨਾਮਜ਼ਦ ਕਰਨ ਲਈ ਧੰਨਵਾਦ ਕੀਤਾ।