ਨਵੀਂ ਦਿੱਲੀ: ਦਿੱਲੀ-ਐਨਸੀਆਰ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਸਵੇਰੇ 5.36 ਵਜੇ ਆਇਆ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਲੋਕ ਜਾਗ ਕੇ ਘਰਾਂ ਤੋਂ ਬਾਹਰ ਆ ਗਏ। ਭੂਚਾਲ ਦਾ ਕੇਂਦਰ ਦਿੱਲੀ ਐਨਸੀਆਰ ਵਿੱਚ ਸੀ ਅਤੇ ਜ਼ਮੀਨ ਤੋਂ ਸਿਰਫ਼ ਪੰਜ ਕਿਲੋਮੀਟਰ ਦੀ ਦੂਰੀ ’ਤੇ ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਅਨੁਸਾਰ ਇਸ ਦੀ ਤੀਬਰਤਾ 4.0 ਮਾਪੀ ਗਈ ਹੈ।
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਦਿੱਲੀ-ਐਨਸੀਆਰ ਵਿੱਚ ਭੂਚਾਲ ਬਾਰੇ ਜਾਣਕਾਰੀ ਦਿੱਤੀ। ਭੂਚਾਲ ਦਾ ਕੇਂਦਰ ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਦੇ ਨੇੜੇ ਸੀ। ਦਿੱਲੀ NCR ਦੇ ਨਾਲ-ਨਾਲ ਹਰਿਆਣਾ ਅਤੇ ਪੰਜਾਬ ਦੇ ਕੁਝ ਇਲਾਕਿਆਂ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਚੰਡੀਗੜ੍ਹ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਆਪਣੀ ਰੇਲਗੱਡੀ ਦਾ ਇੰਤਜ਼ਾਰ ਕਰ ਰਹੇ ਇਕ ਯਾਤਰੀ ਨੇ ਕਿਹਾ, “ਭੂਚਾਲ ਥੋੜ੍ਹੇ ਸਮੇਂ ਦਾ ਸੀ ਪਰ ਤੀਬਰਤਾ ਬਹੁਤ ਜ਼ਿਆਦਾ ਸੀ। ਅਜਿਹਾ ਮਹਿਸੂਸ ਹੋਇਆ ਜਿਵੇਂ ਕੋਈ ਰੇਲ ਗੱਡੀ ਬਹੁਤ ਤੇਜ਼ ਰਫ਼ਤਾਰ ਨਾਲ ਆਈ ਹੋਵੇ।” ਇਕ ਹੋਰ ਯਾਤਰੀ ਨੇ ਕਿਹਾ, “ਸਾਨੂੰ ਲੱਗਾ ਜਿਵੇਂ ਕੋਈ ਟਰੇਨ ਜ਼ਮੀਨ ਦੇ ਹੇਠਾਂ ਜਾ ਰਹੀ ਹੈ। ਸਭ ਕੁਝ ਹਿੱਲ ਰਿਹਾ ਸੀ।” ਦਿੱਲੀ ਰੇਲਵੇ ਸਟੇਸ਼ਨ ਨੇੜੇ ਇਕ ਦੁਕਾਨਦਾਰ ਨੇ ਕਿਹਾ, ”ਸਭ ਕੁਝ ਹਿੱਲ ਰਿਹਾ ਸੀ। ਗਾਹਕ ਚੀਕਣ ਲੱਗੇ।
ਭੂਚਾਲ ਕਿਉਂ ਆਉਂਦੇ ਹਨ?
ਭਾਰਤ ਸਮੇਤ ਪੂਰੀ ਦੁਨੀਆ ਵਿੱਚ ਹਾਲ ਹੀ ਦੇ ਸਮੇਂ ਵਿੱਚ ਭੂਚਾਲਾਂ ਦੀਆਂ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਹੈ। ਦਰਅਸਲ, ਸਾਡੀ ਧਰਤੀ ਦੇ ਅੰਦਰ 7 ਟੈਕਟੋਨਿਕ ਪਲੇਟਾਂ ਹਨ। ਇਹ ਪਲੇਟਾਂ ਲਗਾਤਾਰ ਆਪਣੀ ਥਾਂ ‘ਤੇ ਘੁੰਮਦੀਆਂ ਰਹਿੰਦੀਆਂ ਹਨ। ਹਾਲਾਂਕਿ, ਇਹ ਪਲੇਟਾਂ ਕਈ ਵਾਰ ਫਾਲਟ ਲਾਈਨਾਂ ‘ਤੇ ਟਕਰਾ ਜਾਂਦੀਆਂ ਹਨ, ਜਿਸ ਨਾਲ ਰਗੜ ਪੈਦਾ ਹੁੰਦੀ ਹੈ। ਇਸ ਰਗੜ ਤੋਂ ਨਿਕਲਣ ਵਾਲੀ ਊਰਜਾ ਬਾਹਰ ਨਿਕਲਣ ਦਾ ਰਸਤਾ ਲੱਭਦੀ ਹੈ। ਇਸ ਕਾਰਨ ਧਰਤੀ ‘ਤੇ ਭੂਚਾਲ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ।