ਨਵੀ ਦਿੱਲੀ : ਦਿੱਲੀ ਇੰਟਰਨੈਸ਼ਨਲ ਏਅਰਪੋਰਟ ਨੇ ਯਾਤਰੀਆਂ ਲਈ ਇੱਕ ਮਹੱਤਵਪੂਰਨ ਐਡਵਾਈਜ਼ਰੀ ਜਾਰੀ ਕੀਤੀ ਹੈ। ਏਅਰਪੋਰਟ ਪ੍ਰਸ਼ਾਸਨ ਨੇ ਦੱਸਿਆ ਕਿ ਮੌਜੂਦਾ ਹਾਲਾਤਾਂ ਕਾਰਨ ਪੱਛਮੀ ਦਿਸ਼ਾ (ਵੈਸਟਬਾਉਂਡ) ਦੀਆਂ ਕੁਝ ਅੰਤਰਰਾਸ਼ਟਰੀ ਉਡਾਣਾਂ ਵਿੱਚ ਦੇਰੀ ਹੋ ਸਕਦੀ ਹੈ ਜਾਂ ਉਨ੍ਹਾਂ ਦੇ ਸ਼ੈਡਿਊਲ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ। ਇਸ ਲਈ ਯਾਤਰੀਆਂ ਨੂੰ ਏਅਰਪੋਰਟ ਆਉਣ ਤੋਂ ਪਹਿਲਾਂ ਆਪਣੀ-ਆਪਣੀ ਏਅਰਲਾਈਨ ਤੋਂ ਉਡਾਣ ਦੀ ਤਾਜ਼ਾ ਜਾਣਕਾਰੀ ਜ਼ਰੂਰ ਜਾਂਚਣ ਦੀ ਸਲਾਹ ਦਿੱਤੀ ਗਈ ਹੈ।
ਦਿੱਲੀ ਏਅਰਪੋਰਟ ਨੇ ਸਵੇਰੇ ਕਰੀਬ 9:00 ਵਜੇ ਪੈਸੰਜਰ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਯਾਤਰੀਆਂ ਦੀ ਸਹੂਲਤ ਲਈ ਕਈ ਆਨਲਾਈਨ ਸੇਵਾਵਾਂ ਉਪਲਬਧ ਕਰਵਾਈਆਂ ਗਈਆਂ ਹਨ।ਯਾਤਰੀ ਆਪਣੀ ਫਲਾਈਟ ਦਾ ਲਾਈਵ ਸਟੇਟਸ ਅਧਿਕਾਰਤ ਲਿੰਕ ‘ਤੇ ਜਾ ਕੇ ਦੇਖ ਸਕਦੇ ਹਨ।ਇਮੀਗ੍ਰੇਸ਼ਨ ਨਾਲ ਜੁੜੀ ਕਿਸੇ ਵੀ ਸਹਾਇਤਾ ਲਈ ਯਾਤਰੀ ਇਸ ਹੈਲਪ ਡੈਸਕ ਦੀ ਵਰਤੋਂ ਕਰ ਸਕਦੇ ਹਨ।
ਇਸ ਤੋਂ ਇਲਾਵਾ ਇਮੀਗ੍ਰੇਸ਼ਨ ਸਹਾਇਤਾ ਲਈ ਯਾਤਰੀ ਐੱਫ.ਆਰ.ਆਰ.ਓ. (FRRO – ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ) ਨੂੰ ਈਮੇਲ ਵੀ ਕਰ ਸਕਦੇ ਹਨ। ਇਸ ਲਈ ਅਧਿਕਾਰਤ ਈਮੇਲ ਆਈਡੀ ਵੀ ਦਿੱਤੀ ਗਈ ਹੈ।
ਜੇਕਰ ਯਾਤਰੀਆਂ ਨੂੰ ਏਅਰਪੋਰਟ ਦੇ ਨੇੜੇ ਥੋੜ੍ਹੇ ਸਮੇਂ ਲਈ ਠਹਿਰਨ ਦੀ ਲੋੜ ਹੋਵੇ, ਤਾਂ ਉਹ ‘ਰਾਊਂਡ ਦਾ ਕਲਾਕ’ ਜਾਂ ਐਰੋਸਿਟੀ ਦੇ ਹੋਟਲਾਂ ਦਾ ਵਿਕਲਪ ਚੁਣ ਸਕਦੇ ਹਨ। ਇਸ ਬਾਰੇ ਵਧੇਰੇ ਜਾਣਕਾਰੀ ਲਈ ਲਿੰਕ ਉਪਲਬਧ ਕਰਵਾਏ ਗਏ ਹਨ। ਦਿੱਲੀ ਏਅਰਪੋਰਟ ਨੇ ਯਾਤਰੀਆਂ ਨੂੰ ਇਹ ਵੀ ਦੱਸਿਆ ਕਿ ਯਾਤਰਾ ਨੂੰ ਆਸਾਨ ਬਣਾਉਣ ਲਈ ‘HOI’ ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਐਪ ਯਾਤਰੀਆਂ ਲਈ ਇੱਕ ਜ਼ਰੂਰੀ ਟਰੈਵਲ ਸਾਥੀ ਵਾਂਗ ਕੰਮ ਕਰਦੀ ਹੈ।
ਏਅਰਪੋਰਟ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਬਾਕੀ ਸਾਰੀਆਂ ਉਡਾਣਾਂ ਫਿਲਹਾਲ ਨਿਰਧਾਰਤ ਸਮੇਂ ਅਨੁਸਾਰ ਹੀ ਚੱਲ ਰਹੀਆਂ ਹਨ। ਨਾਲ ਹੀ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਏਅਰਪੋਰਟ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਨ।
