ਨਵੀਂ ਦਿੱਲੀ, 26 ਨਵੰਬਰ
ਦਿੱਲੀ ਸਰਕਾਰ ਵੱਲੋਂ ਆਪਣੇ ਸੀਨੀਅਰ ਸਿਟੀਜ਼ਨਾਂ ਨੂੰ ਅਗਲੇ ਸਾਲ 5 ਜਨਵਰੀ ਨੂੰ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੀ ਮੁਫਤ ਯਾਤਰਾ ਕਰਵਾਈ ਜਾਵੇਗੀ। ਮੁੱਖ ਮੰਤਰੀ ਦਫਤਰ ਨੇ ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਕਿਸਤਾਨ ਵਿਚਲੇ ਕਰਤਾਰਪੁਰ ਸਾਹਿਬ ਤੇ ਤਾਮਿਲਨਾਡੂ ਦੇ ਵੇਲਾਨਕਾਨੀ ਚਰਚ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਕਰਤਾਰਪੁਰ ਸਾਹਿਬ ਲਈ ਸ਼ਰਧਾਲੂਆਂ ਦਾ ਪਹਿਲਾ ਜਥਾ 5 ਜਨਵਰੀ ਨੂੰ ਦਿੱਲੀ ਤੋਂ ਡੀਲਕਸ ਏਸੀ ਬੱਸ ਵਿੱਚ ਰਵਾਨਾ ਹੋਵੇਗਾ ਜਦਕਿ ਵੇਲਾਨਕਾਨੀ ਚਰਚ ਲਈ ਪਹਿਲੀ ਰੇਲਗੱਡੀ ਅਗਲੇ ਸਾਲ 7 ਜਨਵਰੀ ਨੂੰ ਰਵਾਨਾ ਹੋਵੇਗੀ। ਦਿੱਲੀ ਦੇ ਮਾਲ ਮੰਤਰੀ ਕੈਲਾਸ਼ ਗਹਿਲੋਤ ਨੇ ਅੱਜ ਉੱਚ ਪੱਧਰੀ ਬੈਠਕ ’ਚ ਤੀਰਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਦਿੱਲੀ ਸਰਕਾਰ ਨੇ ਆਪਣੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੌਜੂਦਾ 13 ਯਾਤਰਾ ਮਾਰਗਾਂ ਵਿਚ ਹੁਣ ਦੋ ਨਵੇਂ ਰੂਟ ਜੋੜੇ ਹਨ। ਸ਼ਰਧਾਲੂਆਂ ਨੂੰ ਏਸੀ ਥ੍ਰੀ ਟੀਅਰ ਰੇਲ ਵਿਚ ਚਰਚ ਦੇ ਦਰਸ਼ਨ ਕਰਵਾਏ ਜਾਣਗੇ ਜਦਕਿ ਕਰਤਾਰਪੁਰ ਸਾਹਿਬ ਲਈ ਏਅਰ ਕੰਡੀਸ਼ਨਡ ਬੱਸਾਂ ਵਿਚ ਸੀਟਾਂ ਦਿੱਤੀਆਂ ਜਾਣਗੀਆਂ। ਦੱਸਣਯੋਗ ਹੈ ਕਿ ਪਿਛਲੇ ਦੋ ਸਾਲਾਂ ਤੋਂ ਇਹ ਤੀਰਥ ਯਾਤਰਾ ਬੰਦ ਸੀ।