ਨਵੀਂ ਦਿੱਲੀ, 3 ਜਨਵਰੀ

ਰਾਸ਼ਟਰੀ ਰਾਜਧਾਨੀ ਦੇ ਕੰਝਾਵਲਾ ਵਿਖੇ ਐਤਵਾਰ ਨੂੰ ਵਾਪਰੀ ਘਟਨਾ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਪੀੜਤਾ ਇਕੱਲੀ ਨਹੀਂ ਸੀ, ਸਗੋਂ ਉਸ ਦੀ ਸਹੇਲੀ ਵੀ ਉਸ ਨਾਲ ਸੀ, ਜੋ ਟੱਕਰ ਤੋਂ ਬਾਅਦ ਡਰ ਦੇ ਮਾਰੇ ਮੌਕੇ ਤੋਂ ਭੱਜ ਗਈ ਸੀ। ਪੁਲੀਸ ਨੇ ਦੱਸਿਆ ਕਿ ਲੜਕੀ ਦੇ ਸਹੇਲੀ ਨੂੰ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ ਹੈ। ਪੁਲਸ ਮੁਤਾਬਕ ਕੰਝਾਵਲਾ ‘ਚ 20 ਸਾਲਾ ਲੜਕੀ ਦੀ ਸਕੂਟੀ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਅਤੇ ਸੁਲਤਾਨਪੁਰੀ ਤੋਂ ਕੰਝਾਵਲਾ ਤੱਕ ਕਰੀਬ 12 ਕਿਲੋਮੀਟਰ ਤੱਕ ਲੜਕੀ ਨੂੰ ਘੜੀਸ ਕੇ ਲੈ ਗਈ। ਐਤਵਾਰ ਨੂੰ ਇਸ ਹਾਦਸੇ ‘ਚ ਲੜਕੀ ਦੀ ਮੌਤ ਹੋ ਗਈ ਸੀ। ਪੁਲੀਸ ਵੱਲੋਂ ਹਾਸਲ ਕੀਤੀ ਸੀਸੀਟੀਵੀ ਫੁਟੇਜ ਵਿੱਚ ਲੜਕੀ ਨਵੇਂ ਸਾਲ ਦੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਤੜਕੇ 2.45 ਵਜੇ ਹੋਟਲ ਵਿੱਚੋਂ ਨਿਕਲਦੀ ਦਿਖਾਈ ਦੇ ਰਹੀ ਹੈ। ਉਸ ਨੇ ਗੁਲਾਬੀ ਟੀ-ਸ਼ਰਟ ਪਾਈ ਹੋਈ ਸੀ ਅਤੇ ਉਸ ਦੀ ਦੋਸਤ ਨੇ ਲਾਲ ਟੀ-ਸ਼ਰਟ ਪਾਈ ਹੋਈ ਸੀ। ਟੱਕਰ ਤੋਂ ਬਾਅਦ ਮਰਹੂਮ ਦੀ ਸਹੇਲੀ ਨੂੰ ਸੱਟਾਂ ਲੱਗੀਆਂ ਪਰ ਡਰ ਕੇ ਮੌਕੇ ਤੋਂ ਭੱਜ ਗਈ। ਮਰਨ ਵਾਲੀ ਲੜਕੀ ਘਰ ਕਮਾਉਣ ਵਾਲੀ ਇਕੱਲੀ ਸੀ।