ਮਾਨਸਾ 30 ਸਤੰਬਰ
ਦਿੱਲੀ ’ਚ ਕਿਸਾਨੀ ਦੇ ਹੱਕ ਵਿਚ ਪ੍ਰਦਰਸ਼ਨ ਕਰਨ ਤੇ ਟਰੈਕਟਰ ਫੂਕੇ ਜਾਣ ਤੋਂ ਬਾਅਦ ਮਾਨਸਾ ਸਮੇਤ ਪੰਜਾਬ ਦੇ ਯੂਥ ਕਾਂਗਰਸੀ ਨੇਤਾਵਾਂ ’ਤੇ ਦਿੱਲੀ ਪੁਲੀਸ ਵੱਲੋਂ ਮਾਮਲਾ ਦਰਜ ਕਰਨ ਦੇ ਰੋਸ ਵਜੋਂ ਮਾਨਸਾ ’ਚ ਮੋਦੀ ਸਰਕਾਰ ਦਾ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ। ਦਿੱਲੀ ਪੁਲੀਸ ਨੇ ਜ਼ਿਲਾ ਮਾਨਸਾ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਤੇ ਸਰਦੂਲਗੜ੍ਹ ਦੇ ਰਮਨਦੀਪ ਸਿੰਘ ਸਮੇਤ ਪੰਜਾਬ ਭਰ ਦੇ ਕੁੱਝ ਯੂਥ ਕਾਂਗਰਸੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਹੈ।
ਸ਼ਹਿਰ ਦੇ ਬਾਰਾਂ ਹੱਟਾਂ ਚੌਂਕ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਣ ਤੋਂ ਮੌਕੇ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨੀ ਵਿਰੋਧੀ ਇਹ ਖੇਤੀ ਬਿਲ ਲਿਆ ਕੇ ਕਿਸਾਨ ਨੂੰ ਬਰਬਾਦ ਕਰਨ ਦੀ ਨੀਤੀ ਤਿਆਰ ਕੀਤੀ ਹੈ,ਜਿਸ ਨਾਲ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਕੁੱਝ ਕੰਪਨੀਆਂ ਤੇ ਵੱਡੇ ਘਰਾਣਿਆਂ ਦਾ ਰਾਜ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਅਕਤੂਬਰ ਦੇ ਪਹਿਲੇ ਪੰਜਾਬ ਵਿੱਚ ਖੇਤੀ ਕਾਨੂੰਨ ਦੇ ਵਿਰੋਧ ਵਿਚ ਰਾਹੁਲ ਗਾਂਧੀ ਆ ਰਹੇ ਹਨ,ਜੋ ਅਨੇਕਾਂ ਥਾਵਾਂ ਤੇ ਕਿਸਾਨਾਂ ਅਤੇ ਪਾਰਟੀ ਪ੍ਰੋਗਰਾਮਾਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਉਹ ਕਿਸਾਨੀ ਨੂੰ ਬਚਾਉਣ ਲਈ ਹਰ ਤਰਾਂ ਦੀ ਕੁਰਬਾਨੀ ਦੇਣ ਵਾਸਤੇ ਤਿਆਰ ਹਨ।