ਨਵੀਂ ਦਿੱਲੀ, 10 ਦਸੰਬਰ

ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੇ ਹੁਕਮਾਂ ਅਨੁਸਾਰ ਦਿੱਲੀ ਸਰਕਾਰ ਸ਼ਹਿਰ ਦੇ ਉਨ੍ਹਾਂ 40 ਮਾਲਜ਼ ਨੂੰ ਬੰਦ ਕਰੇਗੀ ਜਿਹੜੇ ਪਾਵਰ ਬੈਕਅੱਪ ਲਈ ਡੀਜ਼ਲ ਜੈਨਰੇਟਰਾਂ ਦੀ ਵਰਤੋਂ ਕਰਦੇ ਹਨ ਤਾਂ ਕਿ ਰਾਜਧਾਨੀ ਵਿੱਚ ਪ੍ਰਦੂਸ਼ਣ ਘਟਾਇਆ ਜਾ ਸਕੇ। ਖਬਰ ਏਜੰਸੀ ਆਈਏਐੱਨਐੱਸ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਬੰਧ ਵਿੱਚ ਪੂਰਬੀ ਦਿੱਲੀ ਦੇ ਨਿਰਮਾਨ ਵਿਹਾਰ ਵਿੱਚ ਵੀ3ਐੱਸ ਮਾਲ ਦਾ ਨਾਂ ਸਾਹਮਣੇ ਆਇਆ ਹੈ ਜਿਸ ਖ਼ਿਲਾਫ਼ ਕਾਰਵਾਈ ਹੋਵੇਗੀ। ਕਮਿਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਵਿੱਚ ਸਿਰਫ ਡੀਜ਼ਲ ਜੈਨਰੇਟਰਾਂ ਨਾਲ ਚੱਲਣ ਵਾਲੇ ਮਾਲ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ 2015 ਤੋਂ ਸਰਦੀਆਂ ਦੇ ਮਹੀਨਿਆਂ ਵਿੱਚ ਦਿੱਲੀ ਵਿੱਚ ਪ੍ਰਦੂਸ਼ਣ ‘ਮਾੜੇ’ ਪੱਧਰ ਤੋਂ ‘ਖਤਰਨਾਕ’ ਪੱਧਰ ਤਕ ਪਹੁੰਚ ਜਾਂਦਾ ਹੈ।