ਨਵੀਂ ਦਿੱਲੀ:ਬੌਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਆਖਿਆ ਕਿ ਕਰੋਨਾ ਮਹਾਮਾਰੀ ਦੇ ਦੂਜੇ ਦੌਰਾਨ ਦੇਸ਼ ਦੀ ਰਾਜਧਾਨੀ ਵਿੱਚ ਆਕਸੀਜਨ ਦੀ ਘਾਟ ਤੋਂ ਉਹ ਬਹੁਤ ਪ੍ਰੇਸ਼ਾਨ ਹੈ ਅਤੇ ਅਦਾਕਾਰਾ ਦਿੱਲੀ ਵਾਸਤੇ ਆਕਸੀਜਨ ਦੇ ਸਿਲੰਡਰ ਭੇਜਣ ਲਈ ਹੰਭਲਾ ਮਾਰਿਆ ਹੈ। ਇਸ ਸੰਕਟ ਦੇ ਦੌਰ ਵਿੱਚ ਰਵੀਨਾ ਪਹਿਲ ਕਰਦਿਆਂ ਆਪਣੀ ਸੰਸਥਾ ‘ਰੁਦਰਾ ਫਾਊਂਡੇਸ਼ਨ’ ਰਾਹੀਂ ਮੁੰਬਈ ਤੋਂ ਦਿੱਲੀ ਵਾਸਤੇ ਆਕਸੀਜਨ ਗੈਸ ਦੇ ਸਿਲੰਡਰ ਭੇਜ ਰਹੀ ਹੈ, ਜਿਸ ਨੂੰ ‘ਆਕਸੀਜਨ ਸੇਵਾ’ ਦਾ ਨਾਮ ਦਿੱਤਾ ਹੈ। ਖ਼ਬਰ ਏਜੰਸੀ ‘ਆਈਏਐੱਨਐੱਸ’ ਨਾਲ ਗੱਲਬਾਤ ਕਰਦਿਆਂ ਰਵੀਨਾ ਨੇ ਆਖਿਆ, ‘‘ਤੁਸੀਂ ਆਪਣੇ ਆਲੇ-ਦੁਆਲੇ ਦੇਖੋ, ਕਿਵੇਂ ਕੀ ਕੁਝ ਵਾਪਰ ਰਿਹਾ ਹੈ ਅਤੇ ਇਸ ਸਬੰਧੀ ਤੁਹਾਨੂੰ ਬੈਠਣ ਤੇ ਟਵੀਟ ਕਰਨ ਦੀ ਬਜਾਏ ਹੋਰ ਕੁਝ ਕਰਨ ਦੀ ਲੋੜ ਨਹੀਂ ਹੈ। ਤੁਸੀਂ ਦੇਖ ਸਕਦੋ ਹੋ, ਦਿੱਲੀ ਸਾਹ ਲੈਣ ਲਈ ਪ੍ਰੇਸ਼ਾਨ ਹੈ ਅਤੇ ਮੈਂ ਕੁਝ ਹਮਖਿਆਲੀਆਂ ਨਾਲ ਰਲ ਕੇ ਦਿੱਲੀ ’ਚ ਆਕਸੀਜਨ ਭੇਜਣ ਦੀ ਪਹਿਲ ਕੀਤੀ ਹੈ। ਮੈਂ 300 ਤੋਂ ਵੱਧ ਆਕਸੀਜਨ ਦੇ ਸਿਲੰਡਰ ਵੰਡ ਚੁੱਕੀ ਹਾਂ ਅਤੇ ਹੁਣ ਅਸੀਂ ਹਮਖਿਆਲੀਆਂ, ਉਹ ਸਾਡੇ ਦੋਸਤ ਹੋਣ ਜਾਂ ਹੋਰ ਉਨ੍ਹਾਂ ਕੋਲੋਂ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਸ ਕੰਮ ਲਈ ਲੋਕਾਂ ’ਤੇ ਦਬਾਅ ਨਹੀਂ ਬਣਾ ਰਹੇ ਅਤੇ ਆਮ ਬੰਦਾ ਅੱਗੇ ਆਵੇ ਅਤੇ ਦਾਨ ਕਰੇ।’’