ਨਵੀਂ ਦਿੱਲੀ, 5 ਫਰਵਰੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਨੇ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਗੰਭੀਰ ਨੋਟਿਸ ਲਿਆ ਹੈ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ  ਆਖਿਆ ਹੈ ਕਿ ਉਹ ਦੋਸ਼ੀਆਂ ਖਿਲਾਫ ਤੁਰੰਤ ਤੇ ਸਖ਼ਤ ਕਾਰਵਾਈ ਕਰਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਡੀ ਐਸ ਜੀ ਐਮ ਸੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਸੁਕੁਰ ਦੇ ਨੇੜੇ ਕੁੰਭ ਸ਼ਫੀਫ ਵਿਖੇ ਕੁਝ ਸ਼ਰਾਰਤੀ ਅਨਸਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਅੱਗ ਲਗਾ ਦਿੱਤੀ। ਉਹਨਾਂ ਕਿਹਾ ਕਿ ਇਹ ਬਹਤੁ ਹੀ ਗੰਭੀਰ ਮਾਮਲਾ ਹੈ ਜਿਸ ਵਿਚ ਬਹੁ ਗਿਣਤੀ ਮੁਸਲਮਾਨਾਂ ਨੇ ਜਾਣ ਬੁਝ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕੀਤੀ ਹੈ।

ਉਹਨਾਂ ਕਿਹਾ ਕਿ ਭਾਵੇਂ ਇਸ ਘਟਨਾ ਦੇ ਸਬੰਧ ਵਿਚ ਐਫ ਆਈ ਆਰ ਦਰਜ ਹੋ ਗਈ ਹੈ ਤੇ ਤਿੰਨ ਮੁਸਲਿਮ ਗ੍ਰਿਫਤਾਰ ਵੀ ਕੀਤੇ ਗਏ ਹਨ ਪਰ ਇਸ ਘਟਨਾ ਨੇ ਦੇਸ਼ ਵਿਚਲੇ ਸਿੱਖ ਭਾਈਚਾਰੇ ਦੇ ਮੈਂਬਰਾਂ ਵਿਚ ਰੋਹ ਦੀ ਲਹਿਰ ਫੈਲਾ ਦਿੱਤੀ ਹੈ। ਉਹਨਾਂ ਹੋਰ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚ ਸ਼ਹਿਬਾਜ਼ ਅਲੀ ਪੁੱਤਰ ਉਸਮਾਨ ਸੂਮਰੋ, ਆਸਿਫ ਪੁੱਤਰ ਖਾਦਿਮ ਹੁਸੈਨ ਸ਼ੇਖ ਅਤੇ ਅਬਦੁਲ ਰੌਫ ਪੁੱਤਰ ਅਬਦੁਲ ਮਜੀਦ ਪਾਂਹਵਰ ਸ਼ਾਮਲ ਹਨ। ਉਹਨਾਂ ਦੱਸਿਆ ਕਿ ਇਹ ਗ੍ਰਿਫਤਾਰੀਆਂ ਕੁੰਭ ਪੁਲਿਸ ਅਧਿਕਾਰੀਆਂ ਵੱਲੋਂ ਕੀਤੀਆਂ ਗਈਆਂ ਹਨ।

ਸ੍ਰੀ ਸਿਰਸਾ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਤਾਰਾ ਸਿੰਘ ਨੇ ਇਹ ਮਾਮਲਾ ਈ ਟੀ ਪੀ ਬੀ ਕੋਲ ਵੀ ਉਠਾਇਆ ਹੈ ਪਰ ਘਟਨਾ ਨੂੰ ਲੈ ਕੇ ਸਿੱਖਾਂ ਵਿਚ ਬਹੁਤ ਰੋਹ ਹੈ। ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਪਾਕਿਸਤਾਨ ਵਿਚ ਅਜਿਹੀਆਂ ਘਟਨਾਵਾਂ ਘਟੀਆਂ ਹਨ ਜਿਹਨਾਂ ਵਿਚ ਬਹੁ ਗਿਣਤੀ ਮੁਸਲਮਾਨਾਂ ਨੇ  ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਹੈ ਪਰ ਫਿਰ ਵੀ ਇਮਰਾਨ ਖਾਨ ਦੀ ਅਗਵਾਈ ਵਾਲੀ ਕੌਮੀ ਸਰਕਾਰੀ ਸ਼ਰਾਰਤੀ ਅਨਸਰਾਂ  ਨੂੰ ਰੋਕਣ ਵਾਸਤੇ ਠੋਸ ਕਦਮ ਚੁੱਕਣ ਵਿਚ ਅਸਫਲ ਰਹੀ ਹੈ।

ਡੀ ਐਸ ਜੀ ਐਮ ਸੀ ਦੇ ਜਨਰਲ ਸਕੱਤਰ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਅਤੇ ਠੋਸ ਕਦਮ ਚੁੱਕਣ ਤੇ ਪਾਕਿਸਤਾਨ ਦੀ ਧਰਤੀ ‘ਤੇ ਅਜਿਹੀਆਂ ਘਟਨਾਵਾਂ ਨਾ ਵਾਪਰਨਾ ਯਕੀਨੀ ਬਣਾਉਣ। ਉਹਨਾਂ ਇਹ ਵੀ ਆਖਿਆ ਕਿ ਇਸ ਘਟਨਾ ਵਿਚ ਸ਼ਾਮਲ ਦੋਸ਼ੀਆਂ ਨੂੰ ਅਜਿਹੀ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ ਜਿਸ ਨਾਲ ਹੋਰ ਸ਼ਰਾਰਤੀ ਅਨਸਰ ਵੀ ਸਬਕ ਸਿੱਖ ਸਕਣ।