ਹੈਦਰਾਬਾਦ, 10 ਦਸੰਬਰ

ਸੀਬੀਆਈ ਵੱਲੋਂ ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਓ ਦੀ ਧੀ ਅਤੇ ਭਾਰਤੀ ਰਾਸ਼ਟਰੀ ਸਮਿਤੀ (ਬੀਆਰਐੱਸ) ਦੀ ਵਿਧਾਨ ਪ੍ਰੀਸ਼ਦ ਮੈਂਬਰ ਕੇ. ਕਵਿਤਾ ਤੋਂ ਭਲਕੇ ਐਤਵਾਰ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ। ਪੁੱਛਗਿੱਛ ਤੋਂ ਪਹਿਲਾਂ ਕਵਿਤਾ ਦੇ ਸਮਰਥਕਾਂ ਨੇ ਅੱਜ ਉਨ੍ਹਾਂ ਦੇ ਘਰ ਨੇੜੇ ਪੋਸਟਰ ਲਗਾ ਕੇ ਹਮਾਇਤ ਕੀਤੀ ਅਤੇ ਪਾਰਟੀ ਕਾਰਕੁਨਾਂ ਨੇ ਨਾਅਰਿਆਂ ਨਾਲ ਉਨ੍ਹਾਂ ਦੀ ਤਸਵੀਰ ਵੀ ਲਗਾਈ ਹੋਈ ਸੀ। ਇੱਕ ਪੋਸਟਰ ਵਿੱਚ ਲਿਖਿਆ ਹੋਇਆ ਸੀ, ‘ਘੁਲਾਟੀਏ ਦੀ ਧੀ ਕਦੇ ਨਹੀਂ ਡਰੇਗੀ। ਅਸੀਂ ਕਵਿਤਾਅੱਕਾ ਨਾਲ ਹਾਂ।’

ਜ਼ਿਕਰਯੋਗ ਹੈ ਕਿ ਸੀਬੀਆਈ ਨੇ ਕਵਿਤਾ ਨੂੰ ਬੀਤੇ ਮੰਗਲਵਾਰ ਸੂਚਿਤ ਕੀਤਾ ਸੀ ਕਿ ਕੇਂਦਰੀ ਏਜੰਸੀ ਦੀ ਟੀਮ ਪੁੱਛਗਿੱਛ ਲਈ 11 ਦਸੰਬਰ ਨੂੰ ਉਨ੍ਹਾਂ ਦੀ ਹੈਦਰਾਬਾਦ ਸਥਿਤ ਰਿਹਾਇਸ਼ ’ਤੇ ਆਵੇਗੀ ਅਤੇ ਇਸ ਦਿਨ ਤੇ ਸਮੇਂ ਬਾਰੇ ਉਨ੍ਹਾਂ ਦੇ ਆਪਣੀ ਬਣਜਾਰਾ ਹਿੱਲਜ਼ ਸਥਿਤ ਰਿਹਾਇਸ਼ ’ਤੇ ਮੌਜੂਦਗੀ ਦੀ ਪੁਸ਼ਟੀ ਸਬੰਧੀ ਪੁੱਛਿਆ ਸੀ। ਇਸ ਦੇ ਜਵਾਬ ਵਿੱਚ ਕਵਿਤਾ ਨੇ ਕਿਹਾ ਕਿ ਉਹ ਆਪਣੀ ਰਿਹਾਇਸ਼ ’ਤੇ 11 ਦਸੰਬਰ ਨੂੰ ਸਵੇਰੇ 11 ਵਜੇ ਮੌਜੂਦ ਰਹੇਗੀ।