ਮੁੰਬਈ:ਨਿਰਦੇਸ਼ਕ ਵਜੋਂ ਫਰਹਾਨ ਅਖਤਰ ਦੀ ਪਹਿਲੀ ਫਿਲਮ ‘ਦਿਲ ਚਾਹਤਾ ਹੈ’ ਨੂੰ ਰਿਲੀਜ਼ ਹੋਇਆਂ ਦੋ ਦਹਾਕੇ ਹੋਣ ਵਾਲੇ ਹਨ। ਫਿਲਮ ਵਿੱਚ ਸ਼ਾਲਿਨੀ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਇਸ ਸਬੰਧੀ ਕਿਹਾ ਕਿ ਉਸ ਨੂੰ ਇਸ ਫਿਲਮ ਦਾ ਹਿੱਸਾ ਬਣਨ ’ਤੇ ਮਾਣ ਹੈ। ਉਸ ਨੇ ਕਿਹਾ, ‘‘ਫਿਲਮ ‘ਦਿਲ ਚਾਹਤਾ ਹੈ’ ਦੇ ਦੋ ਦਹਾਕੇ ਪੂਰੇ ਹੋਣ ’ਤੇ ਜਸ਼ਨ ਮਨਾਇਆ ਜਾ ਰਿਹਾ ਹੈ। ਮੈਨੂੰ ਯਾਦ ਹੈ ਕਿ ਫਰਹਾਨ ਨੇ ਮੈਨੂੰ ਕਿਹਾ ਸੀ ਕਿ ਜਦੋਂ ਵੀ ਉਹ ਕੋਈ ਫਿਲਮ ਬਣਾਵੇਗਾ ਤਾਂ ਉਹ ਮੈਨੂੰ ਉਸ ਦਾ ਹਿੱਸਾ ਬਣਾਉਣਾ ਪਸੰਦ ਕਰੇਗਾ। ਕੁਝ ਮਹੀਨੇ ਮਗਰੋਂ ਅਸੀਂ ‘ਦਿਲ ਚਾਹਤਾ ਹੈ’ ਦਾ ਇਕਰਾਰ ਕੀਤਾ ਅਤੇ ਸ਼ੂਟਿੰਗ ਦੌਰਾਨ ਸੈੱਟ ’ਤੇ ਬਹੁਤ ਮਜ਼ਾ ਆਇਆ। ਸ਼ੂਟਿੰਗ ਦੇ ਪਹਿਲੇ ਦਿਨ ਜਦੋਂ ਮੈੈਂ ਫਰਹਾਨ ਨੂੰ ਕਿਹਾ ਕਿ ਇਹ ਫਿਲਮ ਲੋਕਾਂ ਨੂੰ ਬਹੁਤ ਪਸੰਦ ਆਵੇਗੀ ਤਾਂ ਉਹ ਮੇਰੇ ’ਤੇ ਹੱਸਿਆ। ਅੱਜ ਇੰਨੇ ਸਾਲ ਬਾਅਦ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਇਹ ਫਿਲਮ ਬਣਾਈ।’’ ਉਸ ਨੇ ਕਿਹਾ, ‘‘ਸ਼ੂਟਿੰਗ ਨਾਲ ਮੇਰੀਆਂ ਬਹੁਤ ਯਾਦਾਂ ਜੁੜੀਆਂ ਹੋਈਆਂ ਹਨ ਅਤੇ ਜਦੋਂ ਮੈਂ ਉਨ੍ਹਾਂ ਦਿਨਾਂ ਬਾਰੇ ਸੋਚਦੀ ਹਾਂ ਤਾਂ ਮੇਰੇ ਚਿਹਰੇ ’ਤੇ ਮੁਸਕੁਰਾਹਟ ਆ ਜਾਂਦੀ ਹੈ।’’ ਹਿੰਦੀ ਸਿਨੇ ਜਗਤ ਵਿੱਚ ਦੋ ਦਹਾਕੇ ਪੂਰੇ ਹੋਣ ’ਤੇ 10 ਅਗਸਤ ਨੂੰ ਇਹ ਫਿਲਮ ‘ਐਂਡ ਪਿਕਚਰਜ਼’ ਉੱਤੇ ਦਿਖਾਈ ਜਾਵੇਗੀ।