ਚੰਡੀਗੜ੍ਹ, ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਉੱਘੇ ਸਟਾਰ ਦਿਲਜੀਤ ਦੋਸਾਂਝ ਨੇ ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਹਿਊਸਟਨ ’ਚ ਹੋਣ ਵਾਲੇ ਉਸ ਸ਼ੋਅ ਵਿੱਚ ਜਾਣ ਦਾ ਆਪਣਾ ਪ੍ਰੋਗਰਾਮ ਮੁੱਢੋਂ ਰੱਦ ਕਰ ਦਿੱਤਾ ਹੈ; ਜਿਸ ਦਾ ਪ੍ਰੋਮੋਟਰ ਇੱਕ ਪਾਕਿਸਤਾਨੀ ਰੇਹਾਨ ਸਿੱਦੀਕੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਇਹ ਸ਼ੋਅ ਹਾਲੇ ਆਉਂਦੀ 21 ਸਤੰਬਰ ਨੂੰ ਹੋਣਾ ਤੈਅ ਹੈ ਤੇ ਦਿਲਜੀਤ ਦੋਸਾਂਝ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਹਾਮੀ ਭਰੀ ਹੋਈ ਸੀ। ਪਰ ਜਦੋਂ ‘ਫ਼ੈਡਰੇਸ਼ਨ ਆੱਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼’ (FWICE) ਨੇ ਦਿਲਜੀਤ ਦੋਸਾਂਝ ਨੂੰ ਦੱਸਿਆ ਕਿ ਉਸ ਸ਼ੋਅ ਦਾ ਅਸਲ ਪ੍ਰੋਮੋਟਰ ਤਾਂ ਇੱਕ ਪਾਕਿਸਤਾਨੀ ਹੈ ਤੇ ਤੁਹਾਨੂੰ ਉੱਥੇ ਜਾ ਕੇ ਆਪਣਾ ਪ੍ਰੋਗਰਾਮ ਪੇਸ਼ ਨਹੀਂ ਕਰਨਾ ਚਾਹੀਦਾ, ਤਾਂ ਉਨ੍ਹਾਂ ਇਹ ਸੁਝਾਅ ਤੁਰੰਤ ਮੰਨ ਲਿਆ ਤੇ ਅੱਜ ਇਹ ਟਵੀਟ ਕੀਤਾ।

ਦਿਲਜੀਤ ਦੋਸਾਂਝ ਵੱਲੋਂ ਹੁਣ ਕੀਤੇ ਟਵੀਟ ਵਿੱਚ ਲਿਖਿਆ ਹੈ ਕਿ ਉਨ੍ਹਾਂ ਨੂੰ FWICE ਦੀ ਤਰਫ਼ੋਂ ਜਾਰੀ ਚਿੱਠੀ ਤੋਂ ਅਸਲੀਅਤ ਪਤਾ ਲੱਗੀ। ਇਹ ਚਿੱਠੀ ਅੱਜ ਦੇ ‘ਮੁੰਬਈ ਮਿਰਰ’ ’ਚ ਪ੍ਰਕਾਸ਼ਿਤ ਹੋਈ ਹੈ।

ਸ੍ਰੀ ਦੋਸਾਂਝ ਹੁਰਾਂ ਸਪੱਸ਼ਟ ਕੀਤਾ ਹੈ ਕਿ ਉਹ ਇਹ ਦੱਸਣਾ ਚਾਹੁੰਦੇ ਹਨ ਕਿ ਇਸ ਮਾਮਲੇ ’ਚ ਉਨ੍ਹਾਂ ਦਾ ਸੰਪਰਕ ਤੇ ਇਕਰਾਰ (ਕੰਟਰੈਕਟ) ਸਿਰਫ਼ ‘ਸ਼੍ਰੀ ਬਾਲਾਜੀ ਐਂਟਰਟੇਨਮੈਂਟ’ ਨਾਲ ਹੈ। ਇਸੇ ਕਰਕੇ ਉਨ੍ਹਾਂ ਨੂੰ ਇਹ ਅਸਲ ਜਾਣਕਾਰੀ ਨਾ ਮਿਲ ਸਕੀ ਕਿ 21 ਸਤੰਬਰ ਨੂੰ ਹਿਊਸਟਨ ਸ਼ਹਿਰ ’ਚ ਹੋਣ ਵਾਲੇ ਪ੍ਰੋਗਰਾਮ ਦਾ ਪ੍ਰੋਮੋਟਰ ਕੋਈ ਪਾਕਿਸਤਾਨੀ ਹੈ।

ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਜਿਵੇਂ ਹੀ ਜਾਣਕਾਰੀ ਮਿਲੀ, ਉਨ੍ਹਾਂ ਨੇ ਤਿਵੇਂ ਹੀ ਉੱਥੇ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ। ‘ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ ਹਾਂ ਤੇ ਆਪਣੇ ਦੇਸ਼ ਭਾਰਤ ਦੇ ਮਹਾਨ ਹਿਤਾਂ ਲਈ ਮੈਂ ਸਦਾ ਡਟਾਂਗਾ।’