ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅੱਜਕਲ੍ਹ ਆਪਣੀਆਂ ਫਿਲਮਾਂ ਸਰਦਾਰ ਜੀ-3 ਅਤੇ ਬਾਰਡਰ-2 ਲਈ ਸੁਰਖੀਆਂ ਵਿੱਚ ਹੈ। ਭਾਰਤ ਵਿੱਚ ਲੋਕਾਂ ਨੇ ਦਿਲਜੀਤ ਦੀ ਫਿਲਮ ਸਰਦਾਰ ਜੀ-3 ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਦੇ ਹੋਣ ‘ਤੇ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ, ਮੰਗ ਉੱਠੀ ਕਿ ਦਿਲਜੀਤ ਨੂੰ ਜੇਪੀ ਦੱਤਾ ਦੀ ਫਿਲਮ ਬਾਰਡਰ 2 ਤੋਂ ਹਟਾ ਦਿੱਤਾ ਜਾਵੇ। ਫੈਡਰੇਸ਼ਨ ਆਫ ਵੈਸਟਰਨ ਸਿਨੇਮਾ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਬਾਰਡਰ 2 ਦੇ ਨਿਰਮਾਤਾਵਾਂ ਨੂੰ ਇੱਕ ਪੱਤਰ ਲਿਖ ਕੇ ਦਿਲਜੀਤ ਨੂੰ ਫਿਲਮ ਤੋਂ ਹਟਾਉਣ ਦੀ ਮੰਗ ਕੀਤੀ ਸੀ। ਪਰ ਹੁਣ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਲਈ ਚੰਗੀ ਖਬਰ ਸਾਹਮਣੇ ਆਈ ਹੈ ਕਿ ਹੁਣ FWICE ਦੇ ਪ੍ਰਧਾਨ ਦਾ ਕਹਿਣਾ ਹੈ ਕਿ ਬਾਰਡਰ 2 ਲਈ ਦਿਲਜੀਤ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਹੈ।
FWICE ਦੇ ਪ੍ਰਧਾਨ ਬੀਐਨ ਤਿਵਾੜੀ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਭੂਸ਼ਣ ਕੁਮਾਰ ਨੇ ਨਿੱਜੀ ਤੌਰ ‘ਤੇ ਫੈਡਰੇਸ਼ਨ ਨੂੰ ਅਪੀਲ ਕੀਤੀ ਸੀ ਕਿ ਦਿਲਜੀਤ ਨੂੰ ਬਾਰਡਰ 2 ਲਈ ਸ਼ੂਟਿੰਗ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਬੀਐਨ ਤਿਵਾੜੀ ਨੇ ਕਿਹਾ ਕਿ ਇਸ ਤੋਂ ਬਾਅਦ ਇਸ ਪ੍ਰਾਜੈਕਟ ਲਈ ਦਿਲਜੀਤ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਹੈ।

FWICE ਦੇ ਪ੍ਰਧਾਨ ਬੀ.ਐਨ. ਤਿਵਾੜੀ ਦੇ ਇਸ ਬਿਆਨ ਦੇ ਵਿਚਕਾਰ FWICE ਨਾਲ ਜੁੜੇ ਅਸ਼ੋਕ ਪੰਡਿਤ ਨੇ ਕਿਹਾ, “ਦਿਲਜੀਤ ਵਿਰੁੱਧ ਸਾਡਾ ਅਸਹਿਯੋਗ ਜਾਰੀ ਹੈ। ਕੋਈ ਵੀ ਹੋਰ ਵਿਅਕਤੀ ਜੋ ਉਸ ਨੂੰ ਕਾਸਟ ਕਰਦਾ ਹੈ, ਉਸ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਤੋਂ ਬਾਅਦ ਹੋਣ ਵਾਲੇ ਵਿੱਤੀ ਨੁਕਸਾਨ ਲਈ ਫੈਡਰੇਸ਼ਨ ਜ਼ਿੰਮੇਵਾਰ ਨਹੀਂ ਹੋਵੇਗੀ।”

ਤੁਹਾਨੂੰ ਦੱਸ ਦੇਈਏ ਕਿ, ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ FWICE ਦੇ ਵਿਰੋਧ ਤੋਂ ਬਾਅਦ ਦਿਲਜੀਤ ਨੂੰ ਬਾਰਡਰ 2 ਤੋਂ ਹਟਾ ਦਿੱਤਾ ਗਿਆ ਹੈ। ਹਾਲਾਂਕਿ, ਦਿਲਜੀਤ ਨੇ ਇਨ੍ਹਾਂ ਅਫਵਾਹਾਂ ਵਿਚਾਲੇ ਇੱਕ ਵੀਡੀਓ ਪੋਸਟ ਕੀਤਾ। ਇਹ ਵੀਡੀਓ ਬਾਰਡਰ 2 ਦੇ ਸੈੱਟ ਤੋਂ ਪੋਸਟ ਕੀਤਾ ਗਿਆ ਸੀ। ਵੀਡੀਓ ਵਿੱਚ ਦਿਲਜੀਤ ਆਪਣੀ ਵੈਨਿਟੀ ਤੋਂ ਬਾਹਰ ਆਉਂਦਾ ਦਿਖਾਈ ਦਿੰਦਾ ਹੈ। ਉਹ ਸੈੱਟ ‘ਤੇ ਸਾਰਿਆਂ ਨੂੰ ਮਿਲਦਾ ਅਤੇ ਸਕ੍ਰਿਪਟ ਪੜ੍ਹਦਾ ਦਿਖਾਈ ਦਿੱਤਾ।