ਲੰਡਨ : ਪ੍ਰਸਿੱਧ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਲੰਡਨ ਵਿੱਚ ਆਪਣੇ ਮੈਗਾ ਲਾਈਵ ਟੂਰ ਅਤੇ ਬਾਕਸ-ਆਫਿਸ ਦੀ ਸਫ਼ਲਤਾ ਤੋਂ ਬਾਅਦ ਪ੍ਰੀਵਿਊ ਕੀਤੀ ‘ਵਿਸ਼ਵ ਦੀਆਂ ਚੋਟੀ ਦੀਆਂ 50 ਏਸ਼ਿਆਈ ਮਸ਼ਹੂਰ ਹਸਤੀਆਂ’ ਦੀ ਯੂਕੇ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। 40 ਸਾਲਾ ਪੰਜਾਬੀ ਗਾਇਕ ਤੇ ਅਦਾਕਾਰ ਨੇ ਪਿਛਲੇ ਸਾਲ ਦੇ ਮੋਹਰੀ ਸ਼ਾਹਰੁਖ ਖਾਨ ਨੂੰ ਪਛਾੜ ਦਿੱਤਾ ਹੈ ਅਤੇ ਉਹ ਬਰਤਾਨੀਆ ਦੇ ਹਫ਼ਤਾਵਾਰੀ ‘ਈਸਟਰਨ ਆਈ’ ਵੱਲੋਂ ਪ੍ਰਕਾਸ਼ਿਤ ਸੂਚੀ ਦੇ 2024 ਦੇ ਐਡੀਸ਼ਨ ਵਿੱਚ ਸਿਨੇਮਾ, ਟੈਲੀਵਿਜ਼ਨ, ਸੰਗੀਤ, ਕਲਾ ਅਤੇ ਸਾਹਿਤ ਦੀ ਦੁਨੀਆ ਵਿੱਚ ਕੌਮਾਂਤਰੀ ਪ੍ਰਤਿਭਾਵਾਂ ਵਿੱਚੋਂ ਸਭ ਤੋਂ ਅੱਗੇ ਹੈ।

’ਈਸਟਰਨ ਆਈ’ ਦੇ ਐਂਟਰਟੇਨਮੈਂਟ ਐਡੀਟਰ ਅਸਜਾਦ ਨਜ਼ੀਰ ਨੇ ਕਿਹਾ, ‘‘ਇਸ ਸੁਪਰਸਟਾਰ ਨੇ ਆਪਣੇ ਬਲਾਕਬਸਟਰ ‘ਦਿਲ-ਲੁਮਿਨਾਟੀ’ ਸ਼ੋਅ ਨਾਲ ਇਤਿਹਾਸ ਵਿੱਚ ਕਿਸੇ ਵੀ ਦੱਖਣੀ ਏਸ਼ਿਆਈ ਮਸ਼ਹੂਰ ਹਸਤੀ ਵੱਲੋਂ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਸਫ਼ਲ ਵਰਲਡ ਟੂਰ ਕੀਤਾ ਹੈ।’’ ਉਨ੍ਹਾਂ ਕਿਹਾ, ‘‘ਇਸ ਬਹੁ-ਪ੍ਰਤਿਭਾਸ਼ਾਲੀ ਸਿਤਾਰੇ ਨੇ ਫਿਲਮਾਂ ਵਿੱਚ ਆਪਣੀ ਪ੍ਰਭਾਵਸ਼ਾਲੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਅੱਗੇ ਵਧਾਇਆ। ਹਰੇਕ ਕੋਈ ਉਸ ਬਾਰੇ ਗੱਲ ਕਰ ਰਿਹਾ ਸੀ ਜੋ ਇੱਕ ਸੁਫ਼ਨੇ ਦਾ ਸਾਲ ਬਣ ਗਿਆ।’’

ਭਾਰਤੀ ਵਿਰਾਸਤ ਦੀ ਪੌਪ ਸੁਪਰਸਟਾਰ ਚਾਰਲੀ ਐਕਸਸੀਐਕਸ ਦੂਜੇ ਸਥਾਨ ’ਤੇ ਰਹੀ ਹੈ। ਤੀਜੇ ਸਥਾਨ ’ਤੇ ਰਹਿਣ ਵਾਲੇ ਅੱਲੂ ਅਰਜੁਨ ਨੇ ਸਾਲ ਦੀ ਸਭ ਤੋਂ ਸਫ਼ਲ ਭਾਰਤੀ ਫਿਲਮ ‘ਪੁਸ਼ਪਾ: ਦਿ ਰੂਲ’ ਨਾਲ ਬਾਕਸਆਫ਼ਿਸ ਦੇ ਰਿਕਾਰਡ ਤੋੜ ਦਿੱਤੇ ਅਤੇ ਆਪਣੇ ਵਿੱਚ ਸਿਨੇਮਾ ਦੇ ਦ੍ਰਿਸ਼ ਨੂੰ ਕਾਫੀ ਹੱਦ ਤੱਕ ਬਦਲ ਦਿੱਤਾ। ਉੱਧਰ, ਚੌਥੇ ਸਥਾਨ ’ਤੇ ਰਹਿਣ ਵਾਲੇ ਦੇਵ ਪਟੇਲ ਨੇ ਹਿੱਟ ਫਿਲਮ ‘ਮੰਕੀ ਮੈਨ’ ਵਿੱਚ ਜ਼ਿਕਰਯੋਗ ਲੇਖਨ, ਨਿਰਦੇਸ਼ਨ, ਨਿਰਮਾਣ ਅਤੇ ਅਦਾਕਾਰੀ ਕਰ ਕੇ ਹੌਲੀਵੁੱਡ ਦੇ ਪਾਵਰ ਪਲੇਅਰ ਦੇ ਰੂਪ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।

ਪ੍ਰਿਯੰਕਾ ਚੋਪੜਾ ਫਿਲਮਾਂ ਤੋਂ ਲੈ ਕੇ ਮੈਗਾ-ਬਜਟ ਲੜੀ ‘ਸਿਟਾਡੇਲ’ ਦੇ ਦੂਜੇ ਸੀਜ਼ਨ ’ਤੇ ਕੰਮ ਸ਼ੁਰੂ ਕਰਨ ਤੱਕ ਦੇ ਹਾਈ ਪ੍ਰੋਫਾਈਲ ਪ੍ਰਾਜੈਕਟਾਂ ਨੂੰ ਸੰਤੁਲਿਤ ਕਰਨ ਲਈ ਪੰਜਵੇਂ ਸਥਾਨ ’ਤੇ ਰਹੀ। ਸਿਆਸੀ ਪਾਰਟੀ ਸ਼ੁਰੂ ਕਰਨ ਵਾਲੇ ਅਤੇ ਸਾਲ ਦੀ ਸਭ ਤੋਂ ਸਫ਼ਲ ਤਾਮਿਲ ਫਿਲਮ ਦੇਣ ਵਾਲੇ ਅਦਾਕਾਰ ਵਿਜੈ ਛੇਵੇਂ ਸਥਾਨ ’ਤੇ ਰਿਹਾ, ਜਦਕਿ ਗਾਇਕ ਅਰਿਜੀਤ ਸਿੰਘ ਸੱਤਵੇਂ ਸਥਾਨ ’ਤੇ ਹੈ। ਸੂਚੀ ਵਿੱਚ ਸਭ ਤੋਂ ਵੱਧ ਉਮਰ ਵਾਲਾ ਅਦਾਕਾਰ 82 ਸਾਲਾ ਅਮਿਤਾਭ ਬੱਚਨ ਇਕ ਵਾਰ ਫਿਰ ਤੋਂ 26ਵੇਂ ਸਥਾਨ ’ਤੇ ਹੈ ਜਦਕਿ ਸਭ ਤੋਂ ਘੱਟ ਉਮਰ ਦੀ 17 ਸਾਲਾ ਅਦਾਕਾਰਾ ਨਿਤਾਂਸ਼ੀ ਗੋਇਲ 42ਵੇਂ ਸਥਾਨ ’ਤੇ ਹੈ ਜਿਸ ਨੇ ਭਾਰਤ ਦੀ ਅਧਿਕਾਰਤ ਆਸਕਰ ਫਿਲਮ ‘ਲਾਪਤਾ ਲੇਡੀਜ਼’ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।