ਨਵੀਂ ਦਿੱਲੀ, 4 ਮਈ
ਭਾਰਤੀ ਵਿਕਟ ਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਅਤੇ ਆਲਰਾਊਂਡਰ ਹਾਰਦਿਕ ਪਾਂਡਿਆ ਨੂੰ ਲਾਰਡਸ ’ਚ 31 ਮਈ ਨੂੰ ਵੈਸਟ ਇੰਡੀਜ਼ ਖ਼ਿਲਾਫ਼ ਖੇਡੇ ਜਾਣ ਵਾਲੇ ਟੀ-20 ਮੈਚ ਲਈ ਆਈਸੀਸੀ ਰੈਸਟ ਆਫ ਵਿਸ਼ਵ ਇਲੈਵਨ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਵੈਸਟ ਇੰਡੀਜ਼ ’ਚ ਤੂਫ਼ਾਨ ਕਾਰਨ ਨੁਕਸਾਨੇ ਗਏ ਸਟੇਡੀਅਮਾਂ ਦੇ ਮੁੜ ਨਿਰਮਾਣ ਲਈ ਕਰਾਇਆ ਜਾ ਰਿਹਾ ਰਾਹਤ ਟੀ-20 ਚੈਲੇਂਜ ਮੈਚ 31 ਮਈ ਨੂੰ ਲਾਰਡਜ਼ ’ਚ ਆਈਸੀਸੀ ਰੈਸਟ ਆਫ ਵਰਲਡ ਅਤੇ ਵੈਸਟ ਇੰਡੀਜ਼ ਦੀ ਟੀਮ ਵਿਚਾਲੇ ਖੇਡਿਆ ਜਾਣਾ ਹੈ।
ਕੌਮਾਂਤਰੀ ਕ੍ਰਿਕਟ ਕਾਉਂਸਲ (ਆਈਸੀਸੀ) ਨੇ ਵੀਰਵਾਰ ਨੂੰ ਦੱਸਿਆ ਕਿ ਕਾਰਤਿਕ ਤੇ ਪਾਂਡਿਆ ਨੂੰ ਵਿਸ਼ਵ ਇਲੈਵਨ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਦੋਵਾਂ ਖਿਡਾਰੀਆਂ ਨੇ ਇਹ ਮੈਚ ਖੇਡਣ ਲਈ ਸਹਿਮਤੀ ਦੇ ਦਿੱਤੀ ਹੈ, ਜਿਸ ਮਗਰੋਂ ਕੁੱਲ ਨੌਂ ਖਿਡਾਰੀਆਂ ਦੀ ਟੀਮ ਲਈ ਹੁਣ ਤੱਕ ਪੁਸ਼ਟੀ ਹੋ ਗਈ ਹੈ। ਇਓਨ ਮੌਰਗਨ ਨੂੰ ਵਿਸ਼ਵ ਇਲੈਵਨ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਇਸ ਟੀਮ ’ਚ ਹੋਰਨਾਂ ਖਿਡਾਰੀਆਂ ’ਚ ਪਾਕਿਸਤਾਨ ਦੇ ਸ਼ੋਇਬ ਮਲਿਕ, ਸ਼ਾਹਿਦ ਅਫਰੀਦੀ, ਸ੍ਰੀਲੰਕਾ ਦੇ ਤਿਸ਼ਾਰਾ ਪਰੇਰਾ ਅਤੇ ਬੰਗਲਾਦੇਸ਼ ਦੇ ਸੀਨੀਅਰ ਖਿਡਾਰੀ ਸ਼ਾਕਿਬ ਅਲ ਹਸਨ, ਤਮੀਮ ਇਕਬਾਲ ਅਤੇ ਅਫ਼ਗ਼ਾਨਿਸਤਾਨ ਦੇ ਲੈੱਗ ਸਪਿੰਨਰ ਰਾਸ਼ਿਦ ਖ਼ਾਨ ਦੇ ਨਾਵਾਂ ਦੀ ਪੁਸ਼ਟੀ ਹੋ ਗਈ ਹੈ। ਬਾਕੀ ਨਾਵਾਂ ਦਾ ਐਲਾਨ ਕੀਤਾ ਜਾਣਾ ਅਜੇ ਬਾਕੀ ਹੈ। ਇਸ ਮੁਕਾਬਲੇ ਦੀ ਹਮਾਇਤ ਕਰ ਰਹੇ ਜਾਇਲਸ ਕਲਾਰਕ ਨੇ ਕਿਹਾ, ‘ਇਹ ਭਾਰਤੀ ਪ੍ਰਸ਼ੰਸਕਾਂ ਲਈ ਆਪਣੀ ਪਸੰਦ ਦੀਆਂ ਟੀਮਾਂ ਦੇ ਖਿਡਾਰੀਆਂ ਨੂੰ ਦੇਖਣ ਦਾ ਚੰਗਾ ਮੌਕਾ ਹੋਵੇਗਾ। ਦਿਨੇਸ਼ ਤੇ ਹਾਰਦਿਕ ਦੋਵੇਂ ਬਿਹਤਰੀਨ ਤੇ ਨਾਮੀ ਖਿਡਾਰੀ ਹਨ ਅਤੇ ਇਨ੍ਹਾਂ ਦੇ ਆਉਣ ਨਾਲ ਲਾਜ਼ਮੀ ਤੌਰ ’ਤੇ ਲਾਰਡਜ਼ ’ਚ ਯਾਦਗਾਰ ਮੈਚ ਦੇਖਣ ਨੂੰ ਮਿਲੇਗਾ।’
ਕਲਾਰਕ ਨੇ ਕਿਹਾ ਕਿ ਪਾਂਡਿਆ ਨੇ ਇਸੇ ਮੈਦਾਨ ’ਤੇ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ’ਚ ਪਾਕਿਸਤਾਨ ਖ਼ਿਲਾਫ਼ 76 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ ਸੀ ਅਤੇ ਕਾਰਤਿਕ ਨੇ ਵੀ ਲਾਰਡਜ਼ ’ਚ ਟੈਸਟ ਕ੍ਰਿਕਟ ਖੇਡਿਆ ਹੈ। ਉਸ ਨੇ ਨਿਦਹਾਸ ਟਰਾਫੀ ’ਚ ਬੰਗਲਾਦੇਸ਼ ’ਤੇ ਪਾਕਿਸਤਾਨ ਨੂੰ ਆਪਣੀਆਂ ਅੱਠ ਗੇਂਦਾਂ ’ਚ 26 ਦੌੜਾਂ ਦੀ ਜ਼ਬਰਦਸਤ ਪਾਰੀ ਨਾਲ ਜਿੱਤ ਦਿਵਾਈ ਸੀ।
ਵੈਸ਼ਟ ਇੰਡੀਜ਼ ਤੇ ਵਿਸ਼ਵ ਇਲੈਵਨ ਵਿਚਾਲੇ ਹੋਣ ਵਾਲੇ ਇਸ ਮੈਚ ਨੂੰ ਆਈਸੀਸੀ ਨੇ ਕੌਮਾਂਤਰੀ ਮੈਚ ਦਾ ਦਰਜਾ ਦਿੱਤਾ ਹੈ, ਜਿਸ ਤੋਂ ਹੋਣ ਵਾਲੀ ਕਮਾਈ ਨੂੰ ਕੈਰੇਬਿਆਈ ਦੇਸ਼ ਦੇ ਪੰਜ ਵੱਖ ਵੱਖ ਸਟੇਡੀਅਮਾਂ ਐਂਗਿਲਾ ਦੇ ਵੈਬਸਟਰ ਪਾਰਕ, ਐਂਟਿਗਾ ਦੇ ਸਰ ਵਿਵੀਅਨ ਰਿਚਰਡਜ਼ ਸਟੇਡੀਅਮ, ਡੋਮਿਨਿਕਾ ’ਚ ਵਿੰਡਸਰ ਪਾਰਕ ਸਟੇਡੀਅਮ, ਐਲੋ ਸ਼ਿਰਲੀ ਰੀਕ੍ਰਿਏਸ਼ਨ ਗਰਾਊਂਡ ਅਤੇ ਸੇਂਟ ਮਾਰਟਿਨ ਦੇ ਕਾਰਿਬ ਲੰਬਰ ਬਾਲ ਪਾਰਕ ਦੇ ਮੁੜ ਨਿਰਮਾਣ ਜਾਂ ਮੁਰੰਮਤ ਲਈ ਵਰਤਿਆ ਜਾਵੇਗਾ
।