ਲਖਨਊ, 18 ਜੁਲਾਈ
ਸਮਾਜਵਾਦੀ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਆਗੂ ਦਾਰਾ ਸਿੰਘ ਆਗਾਮੀ ਆਮ ਚੋਣਾਂ ਤੋਂ ਪਹਿਲਾਂ ਮੁੜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਸਪਾ ’ਤੇ ਉਮੀਦ ਅਨੁਸਾਰ ਮਹੱਤਵ ਨਾ ਦੇਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਭਾਜਪਾ ਵਿੱਚ ਸ਼ਾਮਲ ਹੋਣ ਨੂੰ ‘ਘਰ ਵਾਪਸੀ’ ਕਰਾਰ ਦਿੱਤਾ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘‘2024 ਵਿੱਚ ਨਰਿੰਦਰ ਮੋਦੀ ਮੁੜ ਪ੍ਰਧਾਨ ਮੰਤਰੀ ਬਣਨਗੇ। ਕੋਈ ਵੀ ਤਾਕਤ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਰੋਕ ਨਹੀਂ ਸਕਦੀ।’’ ਪੂਰਬੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਚੌਹਾਨ ਨੇ ਕਿਹਾ ਕਿ ‘ਪੂਰਵਾਂਚਲ’ (ਪੂਰਬੀ ਯੂਪੀ) ਵਿੱਚ ਵਿਰੋਧੀ ਧਿਰਾਂ ਇੱਕ ਵੀ ਸੀਟ ’ਤੇ ਮੁਕਾਬਲੇ ਵਿੱਚ ਨਹੀਂ ਹਨ ਅਤੇ ਭਾਜਪਾ ਸੂਬੇ ਦੀਆਂ ਸਾਰੀਆਂ 80 ਲੋਕ ਸਭਾ ਸੀਟਾਂ ’ਤੇ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ, ‘‘ਅੱਜ ਮੈਂ ਪਾਰਟੀ ਦੇ ਸਿਪਾਹੀ ਵਜੋਂ ਭਾਜਪਾ ਵਿੱਚ ਵਾਪਸ ਆਇਆ ਹਾਂ। ਭਾਜਪਾ ਨੂੰ 2024 ਦੀਆਂ ਲੋਕ ਸਭਾ ਚੋਣਾਂ ਜਿਤਾਉਣ ਲਈ ਹਰ ਵਰਕਰ ਸਿਪਾਹੀ ਵਜੋਂ ਕੰਮ ਕਰੇਗਾ।’’ ਚੌਹਾਨ ਨੇ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਦੋਵੇਂ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਅਤੇ ਬ੍ਰਜੇਸ਼ ਪਾਠਕ ਤੋਂ ਇਲਾਵਾ ਮੰਤਰੀ ਗਿਰੀਸ਼ ਯਾਦਵ, ਬਲਦੇਵ ਸਿੰਘ ਔਲਖ ਅਤੇ ਸੂਬਾ ਪ੍ਰਧਾਨ ਭੁਪੇਂਦਰ ਸਿੰਘ ਚੌਧਰੀ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਚੌਹਾਨ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਸਤੀਸ਼ ਮਹਾਨਾ ਨਾਲ ਉਨ੍ਹਾਂ ਦੇ ਦਫਤਰ ’ਚ ਮੁਲਾਕਾਤ ਕੀਤੀ ਅਤੇ ਸਦਨ ਦੀ ਮੈਂਬਰਸ਼ਿਪ ਦਾ ਅਸਤੀਫਾ ਸੌਂਪਿਆ। ਉਹ ਮਊ ਜ਼ਿਲ੍ਹੇ ਦੇ ਘੋਸੀ ਹਲਕੇ ਤੋਂ ਸਮਾਜਵਾਦੀ ਪਾਰਟੀ ਦੇ ਵਿਧਾਇਕ ਸਨ। ਸ਼ਨਿਚਰਵਾਰ ਨੂੰ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।