ਓਟਵਾ, 16 ਦਸੰਬਰ : ਕੈਨੇਡਾ ਵਿੱਚ ਕੋਵਿਡ-19 ਵੈਕਸੀਨ ਪਹੁੰਚ ਚੁੱਕੀ ਹੈ ਤੇ ਦੇਸ਼ ਭਰ ਵਿੱਚ ਟੀਕਾਕਰਣ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ ਤੇ ਅਜਿਹੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਿੱਚ ਹੋਰ ਵੈਕਸੀਨਜ਼ ਲੈ ਕੇ ਆਉਣ ਸਬੰਧੀ ਨਵੀਂ ਡੀਲ ਦਾ ਐਲਾਨ ਕੀਤਾ ਹੈ|
ਮੰਗਲਵਾਰ ਨੂੰ ਟਰੂਡੋ ਨੇ ਆਖਿਆ ਕਿ ਕੈਨੇਡਾ ਦਸੰਬਰ ਦੇ ਅੰਤ ਤੱਕ ਮੌਡਰਨਾ ਵੱਲੋਂ ਤਿਆਰ ਕੋਵਿਡ-19 ਵੈਕਸੀਨ ਦੀਆਂ 168,000 ਡੋਜ਼ਾਂ ਹਾਸਲ ਕਰਨ ਦੇ ਕਾਫੀ ਨੇੜੇ ਪਹੁੰਚ ਚੁੱਕਿਆ ਹੈ| ਅਜੇ ਹੈਲਥ ਕੈਨੇਡਾ ਵੱਲੋਂ ਇਸ ਵੈਕਸੀਨ ਨੂੰ ਮਨਜੂæਰੀ ਦਿੱਤੀ ਜਾਣੀ ਬਾਕੀ ਹੈ| ਟਰੂਡੋ ਨੇ ਆਖਿਆ ਕਿ ਫਾਈਜ਼ਰ ਵੈਕਸੀਨ ਦੀ ਸ਼ੁਰੂਆਤੀ ਖੇਪ ਹਾਸਲ ਹੋਣ ਨਾਲ ਸਾਡਾ ਇਹ ਜਜ਼ਬਾ ਹੋਰ ਪੱਕਾ ਹੋ ਗਿਆ ਹੈ ਕਿ ਜਲਦ ਤੋਂ ਜਲਦ ਕੈਨੇਡੀਅਨਾਂ ਦੀ ਇਸ ਵਾਇਰਸ ਖਿਲਾਫ ਹਿਫਾਜ਼ਤ ਕੀਤੀ ਜਾ ਸਕੇ|
ਟਰੂਡੋ ਨੇ ਇਹ ਵੀ ਆਖਿਆ ਕਿ ਕੈਨੇਡਾ ਅਗਲੇ ਹਫਤੇ ਦੇ ਅੰਦਰ ਅੰਦਰ ਫਾਈਜ਼ਰ ਵੈਕਸੀਨ ਦੀਆਂ 200,000 ਵਾਧੂ ਡੋਜ਼ਾਂ ਵੀ ਹਾਸਲ ਕਰ ਲਵੇਗਾ| ਇਸ ਹਫਤੇ ਟੀਕਾਕਰਣ ਲਈ ਜਿੱਥੇ 14 ਸਾਈਟਸ ਰੱਖੀਆਂ ਗਈਆਂ ਹਨ ਤਾਂ ਆਉਣ ਵਾਲੇ ਸਮੇਂ ਵਿੱਚ ਕੈਨੇਡਾ 70 ਹੋਰਨਾਂ ਸਾਈਟਸ ਉੱਤੇ ਵੈਕਸੀਨੇਸ਼ਨ ਕਰਨ ਦੀ ਯੋਜਨਾ ਬਣਾ ਰਿਹਾ ਹੈ| ਫਾਈਜ਼ਰ ਦੀਆਂ ਪਹਿਲੀਆਂ 30,000 ਡੋਜ਼ਾਂ ਇਸ ਹਫਤੇ ਪਹੁੰਚ ਰਹੀਆਂ ਹਨ ਤੇ ਵੈਕਸੀਨੇਸ਼ਨ ਦਾ ਕੰਮ ਟੋਰਾਂਟੋ, ਮਾਂਟਰੀਅਲ, ਕਿਊਬਿਕ ਸਿਟੀ ਤੇ ਓਟਵਾ ਵਿੱਚ ਸ਼ੁਰੂ ਵੀ ਹੋ ਚੁੱਕਿਆ ਹੈ|
ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ ਡੀ ਏ) ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਮੌਡਰਨਾ ਦੀ ਕੋਵਿਡ-19 ਵੈਕਸੀਨ ਦੀ ਪ੍ਰਭਾਵਸ਼ੀਲਤਾ ਤੇ ਸੇਫਟੀ ਦੀ ਪੁਸ਼ਟੀ ਕੀਤੀ ਗਈ ਹੈ| ਏਜੰਸੀ ਦਾ ਕਹਿਣਾ ਹੈ ਕਿ ਫੁੱਲ ਪੈਨਲ ਵੱਲੋਂ ਮੌਡਰਨਾ ਦੀ ਵੈਕਸੀਨ ਬਾਰੇ ਵੀਰਵਾਰ ਨੂੰ ਸਿਫਾਰਸ਼ਾਂ ਕੀਤੇ ਜਾਣ ਤੋਂ ਬਾਅਦ ਹੀ ਉਹ ਫਾਈਨਲ ਫੈਸਲਾ ਕਰੇਗੀ| ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਵਾਇਰਸ ਦੀ ਰੋਕਥਾਮ ਲਈ ਇਹ ਵੈਕਸੀਨ 94 ਫੀ ਸਦੀ ਪ੍ਰਭਾਵੀ ਹੈ ਤੇ 65 ਸਾਲ ਤੋਂ ਉੱਪਰ ਦੇ ਲੋਕਾਂ ਉੱਤੇ 86 ਫੀ ਸਦੀ ਅਸਰਦਾਰ ਹੈ|
ਮੌਡਰਨਾ ਦੀ ਵੈਕਸੀਨ ਉਸੇ ਤਕਨਾਲੋਜੀ ਨਾਲ ਤਿਆਰ ਕੀਤੀ ਗਈ ਹੈ ਜਿਸ ਨਾਲ ਉਹ ਪਹਿਲਾਂ ਹੀ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਦੇ ਚੁੱਕੇ ਹਨ ਤੇ ਐਫ ਡੀ ਏ ਦਾ ਕਹਿਣਾ ਹੈ ਕਿ ਇਹ ਅੰਦਾਜ਼ਨ ਓਨੀ ਹੀ ਪ੍ਰਭਾਵਸ਼ਾਲੀ ਵੀ ਹੈ| ਦੋਵਾਂ ਵੈਕਸੀਨਜ਼ ਦੀਆਂ ਦੋ ਡੋਜ਼ਾਂ ਇੱਕ ਵਿਅਕਤੀ ਨੂੰ ਦਿੱਤੀਆਂ ਜਾਣੀਆਂ ਜ਼ਰੂਰੀ ਹਨ| ਮੌਡਰਨਾ ਵੈਕਸੀਨ ਨੂੰ ਦੂਰ ਦਰਾਜ ਦੀਆਂ ਕਮਿਊਨਿਟੀਜ਼ ਤੱਕ ਸਹਿਜੇ ਲਿਜਾਇਆ ਜਾਣਾ ਤੇ ਇਸ ਦੀ ਸਾਂਭ ਸੰਭਾਲ ਸੌਖੀ ਹੈ ਜਦਕਿ ਫਾਈਜ਼ਰ ਦੀ ਵੈਕਸੀਨ ਨੂੰ -70 ਡਿਗਰੀ ਸੈਲਸੀਅਸ ਉੱਤੇ ਰੱਖਿਆ ਜਾਣਾ ਜ਼ਰੂਰੀ ਹੈ ਤੇ ਇਸ ਨੂੰ ਸਟਾਕ ਕਰਕੇ ਰੱਖਣਾ ਜਾਂ ਟਰਾਂਸਪੋਰਟ ਕਰਨਾ ਔਖਾ ਹੈ| ਹੈਲਥ ਕੈਨੇਡਾ ਐਸਟ੍ਰਾਜ਼ੈਨੇਕਾ ਤੇ ਜੌਹਨਸਨ ਐਂਡ ਜੌਹਨਸਨ ਦੀਆਂ ਵੈਕਸੀਨਜ਼ ਦਾ ਵੀ ਮੁਲਾਂਕਣ ਕਰ ਰਿਹਾ ਹੈ ਤੇ ਇਹ ਮੁਲਾਂਕਣ ਅਜੇ ਸ਼ੁਰੂਆਤੀ ਸਟੇਜ ਵਿੱਚ ਹੈ|