ਚੰਡੀਗੜ੍ਹ: ਸਤੰਬਰ 2025 ਦੀ CDSCO ਰਿਪੋਰਟ ਨੇ ਇੱਕ ਵਾਰ ਮੁੜ ਦਵਾਈਆਂ ਦੀ ਗੁਣਵੱਤਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੇਸ਼ ਭਰ ਵਿੱਚ 112 ਦਵਾਈਆਂ ਦੇ ਨਮੂਨੇ ਮਿਆਰੀ ਟੈਸਟਾਂ ਵਿੱਚ ਫੇਲ੍ਹ ਹੋਏ, ਜਿਨ੍ਹਾਂ ਵਿੱਚ ਤਿੰਨ ਖੰਘ ਦੀਆਂ ਪੀਣ ਵਾਲੀਆਂ ਦਵਾਈਆਂ ਵੀ ਸ਼ਾਮਲ ਹਨ, ਇੱਕ ਤਾਂ ਪੂਰੀ ਤਰ੍ਹਾਂ ਨਕਲੀ ਨਿੱਕਲੀ। ਇਹ ਦਵਾਈਆਂ ਦਿਲ, ਕੈਂਸਰ, ਸ਼ੂਗਰ, ਹਾਈ ਬੀ.ਪੀ., ਦਮਾ, ਲਾਗ, ਦਰਦ, ਸੋਜ, ਅਨੀਮੀਆ ਤੇ ਮਿਰਗੀ ਵਰਗੀਆਂ ਜਾਨਲੇਵਾ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ।
ਪੰਜਾਬ ਦੀਆਂ 11 ਦਵਾਈਆਂ ਦੇ ਸੈਂਪਲ ਫੇਲ੍ਹ
ਕੇਂਦਰੀ ਲੈਬਾਂ ਵਿੱਚ 52 ਤੇ ਸੂਬਾ ਪੱਧਰੀ ਲੈਬਾਂ ਵਿੱਚ 60 ਦਵਾਈਆਂ ਅਸਫਲ ਰਹੀਆਂ। ਸਭ ਤੋਂ ਵੱਧ 49 ਹਿਮਾਚਲ ਪ੍ਰਦੇਸ਼, 16 ਗੁਜਰਾਤ, 12 ਉਤਰਾਖੰਡ, 11 ਪੰਜਾਬ ਤੇ 6 ਮੱਧ ਪ੍ਰਦੇਸ਼ ਤੋਂ ਸਨ। ਖੰਘ ਦੀਆਂ ਤਿੰਨ ਪੀਣ ਵਾਲੀਆਂ ਦਵਾਈਆਂ ਵਿੱਚੋਂ ਇੱਕ ਨਕਲੀ ਹੋਣਾ ਸਭ ਤੋਂ ਵੱਡਾ ਝਟਕਾ ਹੈ। ਯਾਦ ਰਹੇ, ਪੰਜਾਬ ਸਰਕਾਰ ਨੇ ਹਾਲੇ ਹੁਣੇ ਹੀ ਕੋਲਡਰਿਫ ਸਮੇਤ 8 ਦਵਾਈਆਂ ’ਤੇ ਪਾਬੰਦੀ ਲਾਈ ਸੀ।
ਮਾਰਕੀਟ ਤੋਂ ਹਟਾਉਣ ਦੀ ਕਾਰਵਾਈ ਤੇਜ਼
CDSCO ਨੇ ਸਾਰੇ ਡਾਕਟਰਾਂ, ਮੈਡੀਕਲ ਸਟੋਰਾਂ ਤੇ ਹਸਪਤਾਲਾਂ ਨੂੰ ਇਨ੍ਹਾਂ ਬੈਚਾਂ ਨੂੰ ਤੁਰੰਤ ਹਟਾਉਣ ਅਤੇ ਮਰੀਜ਼ਾਂ ਨੂੰ ਸੁਰੱਖਿਅਤ ਵਿਕਲਪ ਦੇਣ ਦੇ ਹੁਕਮ ਦਿੱਤੇ ਹਨ।
