ਮੁੰਬਈ, 24 ਦਸੰਬਰ

ਭਾਰਤ ਵਿੱਚ ਲੌਕਡਾਊਨ ਤੋਂ ਬਾਅਦ ਕ੍ਰਿਸਟੋਫਰ ਨੋਲਨ ਦੁਆਰਾ ਨਿਰਦੇਸ਼ਿਤ ਫਿਲਮ ਟੇਨੈੱਟ ਸਭ ਤੋਂ ਵੱਧ ਦੇਖੀ ਗਈ, ਜਿਸ ਵਿੱਚ ਰੋਬਰਟ ਪੈਟੀਨਸਨ, ਜੋਹਨ ਡੇਵਿਡ ਵਾਸ਼ਿੰਗਟਨ ਅਤੇ ਡਿੰਪਲ ਕਪਾਡੀਆ ਨੇ ਮੁੱਖ ਭੂਮਿਆ ਨਿਭਾਈ ਹੈ। ਬੁੱਕ ਮਾਈ ਸ਼ੋਅ ਦੀ ਰਿਪੋਰਟ ਸ਼ੋਅ ਆਫ਼ ਦਿ ਯੀਅਰ-2020 ਮੁਤਾਬਿਕ ਅਨਲੌਕ ਦੌਰਾਨ ਖੁੱਲ੍ਹੇ ਸਿਨੇਮਾ ਘਰਾਂ ’ਚ ਸੱਤ ਲੱਖ ਟਿਕਟਾਂ ਦੀ ਖਰੀਦ ਹੋਈ। ਭਾਰਤ ਵਿੱਚ ਮੌਜੂਦਾ ਸਮੇਂ ਦੌਰਾਨ 2800 ਸਕਰੀਨਾਂ ਕਾਰਜਸ਼ੀਲ ਹਨ, ਜਿਨ੍ਹਾਂ ਵਿੱਚ ਨਿਰੰਤਰ ਵਾਧਾ ਹੋਇਆ ਹੈ। ਰਿਪੋਰਟ ਅਨੁਸਾਰ ਤਿੰਨ ਲੱਖ ਟਿਕਟਾਂ ਦੀ ਵਿਕਰੀ ਨਾਲ ਫਿਲਮ ਟੇਨੈੱਟ ਸਭ ਤੋਂ ਜ਼ਿਆਦਾ ਦੇਖੀ ਗਈ ਹੈ। ਡੇਟਾ ਮੁਤਾਬਿਕ ਇਹ ਵਿਕਰੀ 16 ਅਕਤੂਬਰ ਤੋਂ 18 ਦਸੰਬਰ ਤੱਕ ਹੋਈ। ਦੱਸਣਯੋਗ ਹੈ ਕਿ ਟੇਨੈੱਟ ਤੋਂ ਬਾਅਦ ਸਭ ਤੋਂ ਵੱਧ ਦੇਖੀਆਂ ਗਈਆਂ ਫਿਲਮਾਂ ਬਿਸਕੋਥ (ਤਾਮਿਲ), ਸੂਰਜ ਪੇ ਮੰਗਲ ਭਾਰੀ (ਹਿੰਦੀ) ਅਤੇ ਡਰੈਕੁਲਾ ਸਰ (ਬੰਗਾਲੀ) ਹਨ। ਲੌਕਡਾਊਨ ਮਗਰੋਂ ਦਸਹਿਰੇ ਦੌਰਾਨ ਰਿਲੀਜ਼ ਹੋਣ ਵਾਲੀ ਪਹਿਲੀ ਫਿਲਮ ਡਰੈਕੁਲਾ ਸਰ ਸੀ। ਡੇਟਾ ਮੁਤਾਬਿਕ ਪਹਿਲੀ ਅਪਰੈਲ ਤੋਂ 18 ਦਸੰਬਰ ਤੱਕ ਘਰਾਂ ਵਿੱਚ ਵਰਚੁਅਲ ਇਵੈਂਟਾਂ ਲਈ ਕਰੀਬ 22,33,219 ਉਪਭੋਗਤਾਵਾਂ ਨੇ ਰਜਿਸਟ੍ਰੇਸ਼ਨ ਅਤੇ ਟਿਕਟਾਂ ਖਰੀਦੀਆਂ ਹਨ।