ਬਠਿੰਡਾ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਥਾਣਾ ਬਾਲਿਆਂ ਵਾਲੀ ’ਚ ਕਰੀਬ ਦੋ ਸਾਲ ਪਹਿਲਾਂ ਲੜਕੀ ਦੀ ਭੇਦ ਭਰੀ ਹਾਲਤ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਬਠਿੰਡਾ ਪੁਲੀਸ ਨੂੰ ਵਿਸ਼ੇਸ਼ ਜਾਂਚ ਟੀਮ ਬਣਾਉਣ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ਨੇ ਇਸ ਮਾਮਲੇ ਵਿੱਚ ਐੱਸਐੱਸਪੀ ਅਤੇ ਤਫ਼ਤੀਸ਼ੀ ਅਫ਼ਸਰ ਨੂੰ ਨਿੱਜੀ ਤੌਰ ’ਤੇ ਤਲਬ ਕੀਤਾ ਸੀ ਤੇ ਉਹ ਅੱਜ ਹਾਈ ਕੋਰਟ ਵਿੱਚ ਪੇਸ਼ ਹੋਏ। ਅਦਾਲਤ ਨੇ ਐੱਸਐੱਸਪੀ ਨੂੰ ਹਦਾਇਤ ਕੀਤੀ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇ ਤੇ ਫ਼ੌਰੀ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਗਠਨ ਕੀਤਾ ਜਾਵੇ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਭਲਕੇ ਹੀ ਉਹ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਨਗੇ। ਉਨ੍ਹਾਂ ਦੱਸਿਆ ਕਿ ਅਗਲੀ ਪੇਸ਼ੀ ਤੋਂ ਪਹਿਲਾਂ ਜਾਂਚ ਮੁਕੰਮਲ ਕਰ ਲਈ ਜਾਵੇਗੀ। ਦੱਸਣਯੋਗ ਹੈ ਕਿ 21 ਮਈ 2016 ਨੂੰ ਬਠਿੰਡਾ ਦੇ ਥਾਣਾ ਬਾਲਿਆਂ ਵਾਲੀ ਵਿੱਚ ਲੜਕੀ ਜਸਵੀਰ ਕੌਰ ਦੀ ਥਾਣੇ ਦੇ ਪਖਾਨੇ ਵਿੱਚ ਭੇਦ ਭਰੀ ਹਾਲਤ ਵਿੱਚ ਮੌਤ ਹੋਈ ਸੀ। ਪੁਲੀਸ ਨੇ ਉਸ ਵੇਲੇ ਖ਼ੁਦਕੁਸ਼ੀ ਕੀਤੇ ਜਾਣ ਦੀ ਗੱਲ ਆਖੀ ਸੀ ਤੇ ਮਾਮਲਾ ਰਫ਼ਾ-ਦਫ਼ਾ ਕਰ ਦਿੱਤਾ ਸੀ। ਹਾਈ ਕੋਰਟ ਦੇ ਐਡਵੋਕੇਟ ਗੁਰਪ੍ਰੀਤ ਸਿੰਘ ਨੇ ਇਸ ਮਾਮਲੇ ’ਤੇ ਪਟੀਸ਼ਨ ਦਾਇਰ ਕੀਤੀ ਹੈ। ਮ੍ਰਿਤਕ ਲੜਕੀ ਦੀ ਮਾਂ ਮਲਕੀਤ ਕੌਰ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਪੁਲੀਸ ’ਤੇ ਇਲਜ਼ਾਮ ਲਾਏ ਹਨ ਕਿ ਉਸ ਦੀ ਲੜਕੀ ਦੀ ਮੌਤ ਪੁਲੀਸ ਵੱਲੋਂ ਕੀਤੀ ਕੁੱਟਮਾਰ ਨਾਲ ਹੋਈ ਹੈ। ਲੜਕੀ ਦੀ ਮਾਂ ਨੇ ਇਸ ਕੇਸ ਵਿੱਚ 16 ਜਣਿਆਂ ਨੂੰ ਧਿਰ ਬਣਾਇਆ ਹੈ। ਮਾਂ ਮਲਕੀਤ ਕੌਰ ਦਾ ਕਹਿਣਾ ਹੈ ਕਿ ਉਸ ਵਕਤ ਪੁਲੀਸ ਨੇ ਉਸ ਤੋਂ ਖ਼ਾਲੀ ਪੇਪਰਾਂ ’ਤੇ ਦਸਤਖ਼ਤ ਕਰਾ ਲਏ ਸਨ।