ਬੈਂਕਾਕ, 19 ਦਸੰਬਰ
ਥਾਈਲੈਂਡ ਦੀ ਖਾੜੀ ਵਿੱਚ ਥਾਈ ਜਲ ਸੈਨਾ ਦਾ ਇੱਕ ਜੰਗੀ ਬੇੜਾ ਡੁੱਬਣ ਕਾਰਨ 12 ਘੰਟਿਆਂ ਮਗਰੋਂ ਵੀ 31 ਜਲ ਸੈਨਿਕ ਲਾਪਤਾ ਹਨ। ਉਨ੍ਹਾਂ ਦੀ ਭਾਲ ਜਾਰੀ ਹੈ, ਜਦੋਂਕਿ 75 ਜਲ ਸੈਨਿਕਾਂ ਨੂੰ ਬਚਾਅ ਲਿਆ ਗਿਆ ਹੈ। ਜਲ ਸੈਨਾ ਨੇ ਦੱਸਿਆ ਕਿ ‘ਐੱਚਟੀਐੱਮਐੱਲ ਸੁਖੋਥਾਈ ਕਾਰਵੇਟ’ ਐਤਵਾਰ ਸ਼ਾਮ ਨੂੰ ਡੁੱਬ ਗਿਆ ਸੀ। ਜਹਾਜ਼ ਅਤੇ ਹੈਲੀਕਾਪਟਰ ਲਾਪਤਾ ਜਲ ਸੈਨਿਕਾਂ ਦੀ ਭਾਲ ਵਿੱਚ ਜੁਟੇ ਹੋਏ ਹਨ। ਦੁਪਹਿਰ 12 ਵਜੇ ਤੱਕ 75 ਜਲ ਸੈਨਿਕਾਂ ਨੂੰ ਬਚਾਅ ਲਿਆ ਗਿਆ ਸੀ। ਜਲ ਸੈਨਾ ਨੇ ਦੱਸਿਆ ਕਿ ਜਿਨ੍ਹਾਂ ਉੱਚੀਆਂ ਲਹਿਰਾਂ ਕਾਰਨ ਹਾਦਸਾ ਹੋਇਆ, ਉਹ ਐਤਵਾਰ ਰਾਤ ਨੂੰ ਥੋੜ੍ਹਾ ਉਤਰ ਗਈਆਂ ਸਨ, ਪਰ ਹੁਣ ਉਹ ਮੁੜ ਚੜ੍ਹ ਗਈਆਂ ਸਨ, ਜਿਸ ਕਾਰਨ ਛੋਟੀਆਂ ਕਿਸ਼ਤੀਆਂ ਰਾਹੀਂ ਬਚਾਅ ਮੁਹਿੰਮ ਵਿੱਚ ਮੁਸ਼ਕਲਾਂ ਆ ਰਹੀਆਂ ਹਨ।