ਬੈਂਕਾਕ: ਟੋਕੀਓ ਓਲੰਪਿਕ ਵਿੱਚ ਤਗ਼ਮੇ ਦੇ ਦਾਅਵੇਦਾਰ ਸਾਤਵਿਕ ਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਟੋਇਟਾ ਥਾਈਲੈਂਡ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਬਾਵਜੂਦ ਸੈਮੀਫਾਈਨਲ ਵਿੱਚ ਹਾਰ ਗਈ। ਵਿਸ਼ਵ ਦੀ ਦਸਵੇਂ ਨੰਬਰ ਦੀ ਜੋੜੀ ਨੂੰ ਨੌਵੇਂ ਨੰਬਰ ਦੀ ਮਲੇਸ਼ਿਆਈ ਜੋੜੀ ਆਰੋਨ ਚਿਆ ਅਤੇ ਸੋ ਵੂਡ ਜਿਕ ਨੇ 35 ਮਿੰਟ ਵਿੱਚ 21-18, 21-18 ਨਾਲ ਹਰਾਇਆ। ਭਾਰਤੀ ਜੋੜੀ ਸ਼ੁਰੂਆਤ ਵਿੱਚ 4-2 ਨਾਲ ਅੱਗੇ ਸੀ ਪਰ ਮਲੇਸ਼ਿਆਈ ਜੋੜੀ ਨੇ ਵਾਪਸੀ ਕਰਦੇ ਹੋਏ ਬਰੇਕ ਤੱਕ ਲੀਡ 11-10 ਕਰ ਦਿੱਤੀ।  ਮਲੇਸ਼ਿਆਈ ਜੋੜੀ ਨੇ ਲਗਾਤਾਰ ਚਾਰ ਅੰਕ ਲੈ ਕੇ ਪਹਿਲੀ ਗੇਮ ਜਿੱਤ ਲਈ। ਦੂਜੀ ਗੇਮ ਵਿੱਚ ਭਾਰਤੀ ਜੋੜੀ ਦੀ ਸ਼ੁਰੂਆਤ ਚੰਗੀ ਰਹੀ ਪਰ ਫੇਰ ਲਗਾਤਾਰ ਚਾਰ ਅੰਕ ਗਵਾ ਦਿੱਤੇ। ਸਾਤਵਿਕ ਸਾਈਰਾਜ ਰੰਕੀਰੈਡੀ ਅਤੇ ਅਸ਼ਵਨੀ ਪੋਨੱਪਾ ਦੀ ਭਾਰਤੀ ਜੋੜੀ ਵੀ ਟੋਇਟਾ ਥਾਈਲੈਂਡ ਬੈਡਮਿੰਟਨ ਓਪਨ ਸੁਪਰ 1000 ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਹਾਰ ਕੇ ਮੁਕਾਬਲੇ ਵਿੱਚੋਂ ਬਾਹਰ ਹੋ ਗਈ।