ਧਨੌਲਾ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਧਨੌਲਾ ਦੌਰੇ ਸਮੇਂ ਜਿੱਥੇ ਪੂਰੇ ਚੁਸਤ-ਦਰੁਸਤ ਨਜ਼ਰ ਆਏ, ਉਥੇ ਖ਼ਬਰਨਵੀਸਾਂ ਵੱਲੋਂ ਪੁੱਛੇ ਗਏ ਉਲਝਵੇਂ ਸਵਾਲਾਂ ਦੇ ਜਵਾਬ ਉਨ੍ਹਾਂ  ਨੇ ਗੋਲ-ਮੋਲ ਹੀ ਦਿੱਤੇ। ਗੁਰਦੁਆਰਾ ਪਾਤਸ਼ਾਹੀ ਨੌਵੀਂ ਧਨੌਲਾ ਵਿਖੇ ਸੰਤ ਟੇਕ ਸਿੰਘ ਧਨੌਲਾ ਦੀ ਅਗਵਾਈ ਵਿੱਚ ਇਕੱਤਰਤਾ ਦੌਰਾਨ ਉਨ੍ਹਾਂ  ਆਖਿਆ ਕਿ ਡੋਪ ਟੈਸਟ ਕਰਵਾਉਣ ਦੀ ਕਾਰਵਾਈ ਚੰਗੀ ਹੈ ਪਰ ਨਸ਼ਿਆਂ ਦਾ ਹੱਲ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਦੇਣਾ ਹੈ। ਉਨ੍ਹਾਂ  ਆਖਿਆ ਕਿ ਬੇਰੁਜ਼ਗਾਰੀ ਕਾਰਨ ਨਿਰਾਸ਼ਾ ਦੇ ਆਲਮ ਵਿੱਚ ਘਿਰਿਆ ਨੌਜਵਾਨ ਹੀ ਨਸ਼ਿਆਂ ਦੇ ਰਾਹ ਪੈਂਦਾ ਹੈ। ਉਨ੍ਹਾਂ  ਆਖਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਦੇਸ਼ ਭਰ ਦਾ ਢਿੱਡ ਭਰਨ ਵਾਲਾ ਕਿਸਾਨ ਕੈਪਟਨ ਸਰਕਾਰ ਦੇ ਰਾਜ ਵਿੱਚ ਪ੍ਰੇਸ਼ਾਨ ਹੋ ਕੇ ਮੌਤ ਨੂੰ ਗਲ ਲਗਾ ਰਿਹਾ ਹੈ ਜਦੋਂਕਿ ਹਰ ਵਰਗ ਦੇ ਲੋਕ ਸਾਡੀ ਸਰਕਾਰ ਨੂੰ ਚੇਤੇ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਸਬੰਧੀ ਉਨ੍ਹਾਂ  ਆਖਿਆ ਕਿ ਸਾਡਾ ਗਠਬੰਧਨ ਟੁੱਟਿਆ ਹੀ ਕਦੋਂ ਹੈ ਤੇ ਆਗਾਮੀ ਚੋਣਾਂ ਵੀ ਇਕੱਠੇ ਹੀ ਲੜੀਆਂ ਜਾਣਗੀਆਂ। ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ  ਆਖਿਆ ਕਿ ਇਹ ਪਾਰਟੀ ਦਾ ਫ਼ੈਸਲਾ ਹੈ, ਜਿਸ ਬਾਰੇ ਹਾਲੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ। ਕੁਝ ਸਰਪੰਚਾਂ ਵੱਲੋਂ ਸਿਹਤ ਸਬੰਧੀ ਪੁੱਛੇ ਜਾਣ ’ਤੇ ਮੁਸਕਰਾਉਂਦਿਆਂ ਸ੍ਰੀ ਬਾਦਲ ਨੇ ਆਖਿਆ ਕਿ ‘ਥਕਾਵਟ ਕਿੱਥੇ! ਹਾਲੇ ਤਾਂ ਨੌਂ ਬਰ ਨੌਂ ਹਾਂ’। ਇਸ ਮੌਕੇ ਜਥੇਦਾਰ ਗੁਰਤੇਜ ਸਿੰਘ ਧੌਲਾ, ਸਰਪੰਚ ਪੱਪੂ ਪੰਧੇਰ ਸਮੇਤ ਅਹਿਮ ਅਕਾਲੀ ਆਗੂ ਹਾਜ਼ਰ ਸਨ।