ਮੁੰਬਈ, 7 ਅਕਤੂਬਰ

ਐਂਟੀ-ਵਾਇਰਸ ਨਾਲ ਜੁੜੀ ਸਾਈਬਰ ਸਕਿਓਰਿਟੀ ਕੰਪਨੀ ਮੈਕੇਫੀ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਸੂਚੀ ਅਨੁਸਾਰ ਬੌਲੀਵੁੱਡ ਅਭਿਨੇਤਰੀਆਂ ਤੱਬੂ, ਤਾਪਸੀ ਪੰਨੂ, ਅਨੁਸ਼ਕਾ ਸ਼ਰਮਾ ਅਤੇ ਸੋਨਾਕਸ਼ੀ ਸਿਨਹਾ ਇੰਟਰਨੈੱਟ ’ਤੇ ਸਰਚ ਕੀਤੀਆਂ ਜਾਣ ਵਾਲੀਆਂ ਉਨ੍ਹਾਂ ਸਿਖਰਲੀਆਂ 10 ਮਸ਼ਹੂਰ ਸ਼ਖ਼ਸੀਅਤਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਇੰਟਰਨੈੱਟ ’ਤੇ ਸਰਚ ਕਰਨ ਨਾਲ ਵਾਇਰਸ ਦੇ ਸੰਪਰਕ ਵਿੱਚ ਆਉਣ ਦਾ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ। ਮੈਕੇਫੀ ਦੀ ਸਭ ਤੋਂ ਖਤਰਨਾਕ ਮਸ਼ਹੂਰ ਹਸਤੀਆਂ ਦੀ 2020 ਦੀ ਅੰਤਰਰਾਸ਼ਟਰੀ ਸੂਚੀ ਵਿਚ ਫੁਟਬਾਲਰ ਕ੍ਰਿਸਟੀਆਨੋ ਰੋਨਾਲਡੋ ਪਹਿਲੇ ਅਤੇ ਅਦਾਕਾਰਾ ਤੱਬੂ ਦੂਜੇ ਸਥਾਨ ’ਤੇ ਹੈ। ਤੀਜੇ ਸਥਾਨ ’ਤੇ ਤਾਪਸੀ ਪੰਨੂ ਹੈ, ਜਦਕਿ ਚੌਥੇ ਸਥਾਨ ’ਤੇ ਫਿਲਮ ਨਿਰਮਾਤਾ-ਅਭਿਨੇਤਰੀ ਅਨੁਸ਼ਕਾ ਸ਼ਰਮਾ ਅਤੇ ਪੰਜਵੇਂ ਸਥਾਨ ’ਤੇ ਸੋਨਾਕਸ਼ੀ ਸਿਨਹਾ ਹੈ। ਛੇਵੇਂ ਨੰਬਰ ’ਤੇ ਗਾਇਕ ਅਰਮਾਨ ਮਲਿਕ, ਸੱਤਵੇਂ ਨੰਬਰ ’ਤੇ ਅਦਾਕਾਰਾ ਸਾਰਾ ਅਲੀ ਖਾਨ, ਅੱਠਵੇਂ ’ਤੇ ਟੀਵੀ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ, ਨੌਵੇਂ ਸਥਾਨ ’ਤੇ ਅਦਾਕਾਰ ਸ਼ਾਹਰੁਖ ਖਾਨ ਅਤੇ 10ਵੇਂ ਸਥਾਨ ਉੱਤੇ ਗਾਇਕ ਅਰੀਜੀਤ ਸਿੰਘ ਹਨ। ਖੇਡ ਜਗਤ ’ਚੋਂ ਰੋਨਾਲਡੋ ਨੂੰ ਛੱਡ ਕੇ ਮੈਕੇਫੀ ਦੀ ਇਸ ਸੂਚੀ ਦਾ 14ਵਾਂ ਸੰਸਕਰਣ ਮਨੋਰੰਜਨ ਤੇ ਗਲੈਮਰ ਜਗਤ ਦੀਆਂ ਉੱਘੀਆਂ ਹਸਤੀਆਂ ਦੇ ਨਾਵਾਂ ਨਾਲ ਭਰਿਆ ਪਿਆ ਹੈ।