ਜਗਸੀਰ ਨੂੰ ਸ਼ਰਧਾਂਜਲੀ ਨਾ ਦੇ ਕੇ ਬੇਰੁਜ਼ਗਾਰਾਂ ਤੇ ਦਲਿਤਾਂ ਦਾ ਕੀਤਾ ਅਪਮਾਨ

ਚੰਡੀਗੜ੍ਹ, 2 ਅਗਸਤ 2019

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਲੋਕਾਂ ਦੇ ਭਖਵੇਂ ਮੁੱਦਿਆਂ ਦਾ ਹੱਲ ਤਾਂ ਦੂਰ ਸੁਣਨ ਦਾ ਸਾਹਮਣਾ ਕਰਨ ਲਈ ਵੀ ਤਿਆਰ ਨਹੀਂ। ਆਪਣੇ ਇੱਕ ਵੀ ਚੋਣ ਵਾਅਦੇ ਨੂੰ ਪੂਰਾ ਕਰਨ ਤੋਂ ਪੂਰੀ ਤਰ੍ਹਾਂ ਅਸਫਲ ਰਹੀ ਕਾਂਗਰਸ ਸਰਕਾਰ ਲੋਕ ਮੁੱਦਿਆਂ ਤੋਂ ਭੱਜ ਰਹੀ ਹੈ। ਵਿਧਾਨ ਸਭਾ ਦਾ ਤਾਜਾ ਇਜਲਾਸ ਇਸ ਦੀ ਪ੍ਰਤੱਖ ਮਿਸਾਲ ਹੈ, ਜਦਕਿ ਲੋਕ ਅਤੇ ਸੂਬੇ ਨਾਲ ਸੰਬੰਧਿਤ ਮੁੱਦੇ-ਮਸਲਿਆਂ ਦੀ ਗਿਣਤੀ ਐਨੀ ਜ਼ਿਆਦਾ ਹੈ ਕਿ 20 ਦਿਨ ਦਾ ਇਜਲਾਸ ਵੀ ਘੱਟ ਹੈ।

ਹਰਪਾਲ ਸਿੰਘ ਚੀਮਾ ਵਿਧਾਨ ਸਭਾ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਚੀਮਾ ਨੇ ਦੱਸਿਆ ਕਿ ‘ਆਪ’ ਵਿਧਾਇਕ ਦਲ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਮਿਲ ਕੇ ਦਰਜਨ ਤੋਂ ਵੱਧ ਮੁੱਦਿਆਂ ਲਈ 20 ਦਿਨਾਂ ਦੇ ਇਜਲਾਸ ਦੀ ਮੰਗ ਕੀਤੀ ਸੀ ਅਤੇ ਇਹੋ ਮੰਗ ਬੀਏਸੀ (ਬਿਜ਼ਨੈੱਸ ਐਡਵਾਈਜ਼ਰੀ ਕਮੇਟੀ) ‘ਚ ਉਠਾਈ ਹੈ।

ਚੀਮਾ ਨੇ ਕਿਹਾ ਕਿ ਜਲ ਸੰਕਟ, ਦਰਿਆਈ ਪਾਣੀ, ਭੌਂ-ਜਲ, ਪਾਣੀਆਂ ਦਾ ਪ੍ਰਦੂਸ਼ਣ, ਖੇਤੀ ਸੰਕਟ, ਕਿਸਾਨੀ ਕਰਜ਼, ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਆਤਮ ਹੱਤਿਆਵਾਂ, ਬੇਰੁਜ਼ਗਾਰੀ, ਨਸ਼ੇ, ਏਡਜ਼/ਐਚ.ਆਈ.ਵੀ, ਲੈਂਡ ਮਾਫ਼ੀਆ-ਸੈਂਡ ਮਾਫ਼ੀਆ, ਮੁਲਾਜ਼ਮ ਮੰਗਾਂ, ਬਦਹਾਲ ਕਾਨੂੰਨ ਅਵਸਥਾ, ਪੁਲਸ ਅਤੇ ਪ੍ਰਸ਼ਾਸਨ ਦਾ ਸਿਆਸੀਕਰਨ, ਜੇਲ੍ਹਾਂ ‘ਚ ਸਰਗਰਮ ਗੈਂਗ, ਆਵਾਰਾ ਪਸ਼ੂ, ਆਵਾਰਾ ਕੁੱਤੇ, ਦਲਿਤਾਂ ਦੇ 5 ਮਰਲਿਆਂ ਦੇ ਪਲਾਟ, ਮਨਰੇਗਾ ਯੋਜਨਾ, ਐਸਸੀ ਸਕਾਲਰਸ਼ਿਪ, ਸ਼ਾਮਲਾਤ ਜ਼ਮੀਨਾਂ ‘ਚ ਹਿੱਸੇਦਾਰੀ, ਮਹਿੰਗੀ ਬਿਜਲੀ ਅਤੇ ਸੜਕ ਹਾਦਸਿਆਂ ਕਾਰਨ ਰੋਜ਼ਾਨਾ ਹੁੰਦੀਆਂ ਮੌਤਾਂ ਆਦਿ ਪ੍ਰਮੁੱਖ ਮੁੱਦੇ ਸ਼ਾਮਲ ਹਨ।

ਚੀਮਾ ਨੇ ਜਿੱਥੇ ਮਾਸੂਮ ਬੱਚੇ ਫਤਹਿਵੀਰ ਸਿੰਘ ਅਤੇ  ਸੰਤ ਬਾਬਾ ਲਾਭ ਸਿੰਘ ਕਾਰ ਸੇਵਾ ਵਾਲਿਆਂ ਨੂੰ ਸਦਨ ‘ਚ ਸ਼ਰਧਾਂਜਲੀ ਦੇਣ ਦਾ ਸਵਾਗਤ ਕੀਤਾ, ਉੱਥੇ ਬੇਰੁਜ਼ਗਾਰੀ ਕਾਰਨ ਆਤਮ ਹੱਤਿਆ ਕਰਨ ਵਾਲੇ ਜਗਸੀਰ ਸਿੰਘ ਨੂੰ ਸ਼ਰਧਾਂਜਲੀ ਨਾ ਦੇ ਕੇ ਬੇਰੁਜ਼ਗਾਰਾਂ, ਦਲਿਤਾਂ ਅਤੇ ਅਪੰਗਾਂ ਦਾ ਅਪਮਾਨ ਕੀਤਾ ਹੈ। ਚੀਮਾ ਨੇ ਕਿਹਾ ਕਿ ਜਗਸੀਰ ਸਿੰਘ ਨਾ ਕੇਵਲ ਯੂਜੀਸੀ ਨੈੱਟ ਪਾਸ, ਟੈਟ ਪਾਸ ਯੋਗਤਾਵਾਂ ਰੱਖਦਾ ਸੀ ਸਗੋਂ 2 ਰਿਜਰਵੇਸ਼ਨਾਂ ਯੋਗਤਾ ਵੀ ਰੱਖਦਾ ਸੀ। ਜ਼ਿਕਰਯੋਗ ਹੈ ਕਿ ‘ਆਪ’ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਜਗਸੀਰ ਸਿੰਘ ਨੂੰ, ਕੁਲਤਾਰ ਸਿੰਘ ਸੰਧਵਾਂ ਨੇ ਪਿਛਲੇ ਸੈਸ਼ਨ ਤੋਂ ਲੈ ਕੇ ਹੁਣ ਤੱਕ ਆਤਮ ਹੱਤਿਆ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ, ਅਮਨ ਅਰੋੜਾ ਨੇ ਫਤਹਿਵੀਰ ਸਿੰਘ ਨੂੰ, ਮੀਤ ਹੇਅਰ ਨੇ ਸੀਵਰੇਜ ਦੀ ਜ਼ਹਿਰੀਲੀ ਗੈਸ ਨਾਲ ਮਰਨ ਵਾਲੇ ਮਜ਼ਦੂਰਾਂ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਸਦਨ ‘ਚ ਰੱਖੀ ਸੀ।