ਬੈਲਗ੍ਰੇਡ:ਓਲੰਪਿਕ ਵਿੱਚ ਜਗ੍ਹਾ ਬਣਾਉਣ ਦੇ ਦਾਅਵੇਦਾਰ ਭਾਰਤੀ ਤੈਰਾਕ ਸਾਜਨ ਪ੍ਰਕਾਸ਼ ਅਤੇ ਸ਼੍ਰੀਹਰੀ ਨਟਰਾਜ ਨੇ ਇੱਥੇ ਬੈਲਗ੍ਰੇਡ ਟਰਾਫ਼ੀ ਮੁਕਾਬਲੇ ਦੌਰਾਨ ਭਾਵੇਂ ਸੋਨ ਤਗ਼ਮਾ ਜਿੱਤ ਲਿਆ ਪਰ ਦੋਵੇਂ ਤੈਰਾਕ ਟੋਕੀਓ ਖੇਡਾਂ ਲਈ ‘ਏ’ ਗਰੇਡ ਹਾਸਲ ਕਰਨ ਤੋਂ ਖੁੰਝ ਗਏ। ਪ੍ਰਕਾਸ਼ ਨੇ ਤੈਰਾਕੀ ਦੀ ਵਿਸ਼ਵ ਪੱਧਰੀ ਸੰਸਥਾ ਫਿਨਾ ਤੋਂ ਮਾਨਤਾ ਪ੍ਰਾਪਤ ਓਲੰਪਿਕ ਕੁਆਲੀਫਾਇਰ ਵਿੱਚ ਇੱਕ ਮਿੰਟ 56 ਸੈਕਿੰਡ ਦੇ ਹਿਸਾਬ ਨਾਲ ਪੁਰਸ਼ 200 ਮੀਟਰ ਬਟਰਫਲਾਈ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਇਸ ਪ੍ਰਦਰਸ਼ਨ ਨਾਲ ਉਸ ਨੇ 2018 ਵਿੱਚ ਬਣਾਇਆ ਆਪਣਾ ਹੀ ਇੱਕ ਮਿੰਟ 57 ਸੈਕਿੰਡ ਦਾ ਕੌਮੀ ਰਿਕਾਰਡ ਤੋੜਿਆ ਹੈ। ਇਸ ਤਰ੍ਹਾਂ ਨਟਰਾਜ ਨੇ 54.45 ਸੈਕਿੰਡ ਦੇ ਹਿਸਾਬ ਨਾਲ 100 ਮੀਟਰ ਬੈਕ-ਸਟਰੋਕ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਦੋਵਾਂ ਤੈਰਾਕਾਂ ਨੂੰ ਰੋਮ ਵਿੱਚ ਹੋਣ ਵਾਲੀ ਸਾਲਾਨਾ ਸੈਟੇ ਕੋਲੀ ਟਰਾਫ਼ੀ ਵਿੱਚ ‘ਏ’ ਗਰੇਡ ਹਾਸਲ ਕਰਨ ਦਾ ਇੱਕ ਹੋਰ ਮੌਕਾ ਮਿਲੇਗਾ।