ਪਟਿਆਲਾ, 7 ਜੁਲਾਈ
ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇਲ ਕੀਮਤਾਂ ਵਿੱਚ ਵਾਧੇ ਤੇ ਰਾਸ਼ਨ ਵੰਡ ਦੇ ਨੀਲੇ ਕਾਰਡ ਸਿਆਸੀ ਵਿਤਕਰੇ ਤਹਿਤ ਕੱਟ ਦੇ ਵਿਰੋਧ ਵਜੋਂ ਅੱਜ ਪੰਜਾਬ ਭਰ ਦੇ ਪਿੰਡਾਂ ਤੇ ਸ਼ਹਿਰਾ ਅੰਦਰ ਰੋਸ ਧਰਨੇ ਦਿੱਤੇ ਜਾ ਰਹੇ ਹਨ। ਇਹ ਧਰਨੇ ਪਿੰਡਾਂ ਦੀਆਂ ਗਲੀਆਂ ਚੌਕਾਂ ਅਤੇ ਸ਼ਹਿਰਾਂ ਦੀਆਂ ਵਾਰਡਾਂ ’ਚ ਲੱਗ ਚੁੱਕੇ ਹਨ। ਅਜਿਹਾ ਹੀ ਰੋਸ ਪ੍ਰਦਰਸ਼ਨ ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਦੇ ਹਲਕਾ ਸਮਾਣਾ ਦੇ ਪੈਂਦੇ ਪਿੰਡ ਭਾਨਰੀ ’ਚ ਦਿੱਤਾ ਜਾ ਰਿਹਾ ਹੈ। ਯੂਥ ਅਕਾਲੀ ਦਲ ਮਾਲਵਾ ਜ਼ੋਨ ਦੋ ਦੇ ਸੀਨੀਅਰ ਮੀਤ ਪ੍ਰਧਾਨ ਗੁਰਧਿਆਨ ਸਿੰਘ ਭਾਨਰੀ ਦੀ ਅਗਵਾਈ ਹੇਠ ਇਸ ਰੋਸ ਧਰਨੇ ਚ ਵੱਡੀ ਗਿਣਤੀ ਪਿੰਡ ਵਾਸੀ ਸ਼ਾਮਲ ਹੋਏ। ਧਰਨੇ ਪਟਿਆਲਾ ਦਿਹਾਤੀ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਸਮਾਣਾ ਖੇਤਰ ਦੇ ਵਿੱਚ ਪਟਿਆਲਾ ਦਿਹਾਤੀ ਦੇ ਇੰਚਾਰਜ ਐਡਵੋਕੇਟ ਸਤਬੀਰ ਸਿੰਘ ਖੱਟੜਾ ਦੀ ਅਗਵਾਈ ਹੇਠ ਪਟਿਆਲਾ ਦਿਹਾਤੀ ਖੇਤਰ ਵਿੱਚ ਜਦੋਂ ਕਿ ਸਨੌਰ ਹਲਕੇ ’ਚ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਹਨ। ਵੱਖ ਵੱਖ ਥਾਵਾਂ ’ਤੇ ਹੋਰ ਦਿੱਤੇ ਜਾ ਰਹੇ ਧਰਨਿਆਂ ਦੀ ਅਗਵਾਈ ਪਟਿਆਲਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਸਾਬਕਾ ਮੇਅਰ ਅਜੀਤ ਪਾਲ ਸਿੰਘ ਕੋਹਲੀ , ਅਮਰਿੰਦਰ ਸਿੰਘ ਬਜਾਜ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ ਹਰਿੰਦਰਪਾਲ ਸਿੰਘ ਟੌਹੜਾ ਹੈਰੀ, ਰਵਿੰਦਰ ਸਿੰਘ ਵਿੰਦਾ, ਸਤਿੰਦਰ ਸਿੰਘ ਸ਼ੱਕੂ ਗਰੋਵਰ, ਅਮਿਤ ਰਾਠੀ, ਇੰਦਰਜੀਤ ਸਿੰਘ ਰੱਖੜਾ’ ਮੁਖਮੈਲਪੁਰ ਤੇ ਮਨਪ੍ਰੀਤ ਸਿੰਘ ਸਵਾਜਪੁਰ ਕਰ ਰਹੇ ਹਨ। ਇਨ੍ਹਾਂ ਧਰਨਿਆਂ ਦੌਰਾਨ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਤੇਲ ਕੀਮਤਾਂ ਉੱਤੇ ਥੋਪੇ ਜਾ ਰਹੇ ਵੱਡੇ ਟੈਕਸਾਂ ਦੇ ਬੋਝ ਦਾ ਇੱਕ ਚਾਰਟ ਵੀ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ ਜਿਹਦੇ ਵਿੱਚ ਅੰਕੜਿਆਂ ਸਹਿਤ ਤੇਲ ਕੀਮਤਾਂ ਦੇ ਵਾਧੇ ਦੇ ਇਤਿਹਾਸ ਨੂੰ ਵਿਸਥਾਰ ਸਹਿਤ ਦਰਸਾਇਆ ਗਿਆ ਹੈ।