ਐਸ.ਏ.ਐਸ. ਨਗਰ (ਮੁਹਾਲੀ), 9 ਦਸੰਬਰ
ਉੱਘੇ ਪੰਜਾਬੀ ਲੇਖਕ ਮਰਹੂਮ ਤੇਰਾ ਸਿੰਘ ਚੰਨ ਦੀ ਦੋਹਤੀ ਰਚਨਾ ਸਿੰਘ (50) ਨੂੰ ਵਿਦੇਸ਼ੀ ਮੁਲਕ ਵਿੱਚ ਹਕੂਮਤ ਕਰਨ ਦਾ ਦੂਜਾ ਮੌਕਾ ਮਿਲਿਆ ਹੈ, ਜੋ ਪੰਜਾਬ ਤੇ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਰਚਨਾ ਸਿੰਘ ਨੂੰ ਬ੍ਰਿਟਿਸ਼ ਕੋਲੰਬੀਆ ਸਰਕਾਰ ਵਿੱਚ ਸਿੱਖਿਆ ਤੇ ਬਾਲ ਵਿਕਾਸ ਵਿਭਾਗ ਦਾ ਕੈਬਨਿਟ ਮੰਤਰੀ ਬਣਾਇਆ ਗਿਆ ਹੈ।
ਉਹ ਸਰੀ ਦੇ ਹਲਕਾ ਗਰੀਨ ਟਿੰਬਲ ਤੋਂ ਦੂਜੀ ਵਾਰ ਵਿਧਾਇਕਾ ਚੁਣੇ ਗਏ ਹਨ। ਮੁਹਾਲੀ ਵਿੱਚ ਰਹਿੰਦੇ ਰਚਨਾ ਸਿੰਘ ਦੇ ਮਾਮਾ ਦਿਲਦਾਰ ਸਿੰਘ ਨੇ ਦੱਸਿਆ ਕਿ ਉਸ ਦਾ ਜਨਮ 1972 ਵਿੱਚ ਦਿੱਲੀ ਆਪਣੇ ਨਾਨਕੇ ਘਰ ਵਿੱਚ ਹੋਇਆ। ਉਪਰੰਤ ਉਹ ਚੰਡੀਗੜ੍ਹ ਆ ਗਏ। ਪੜ੍ਹਾਈ ਮੁਕੰਮਲ ਕਰਨ ਮਗਰੋਂ ਰਚਨਾ ਸਿੰਘ ਨੇ ਜ਼ਿਲ੍ਹਾ ਰੈੱਡ ਕਰਾਸ ਵੱਲੋਂ ਚਲਾਏ ਜਾਂਦੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਮੁਹਾਲੀ ਵਿੱਚ ਕਰੀਬ ਤਿੰਨ ਸਾਲ ਬਤੌਰ ਕੌਂਸਲਰ ਸੇਵਾਵਾਂ ਨਿਭਾਈਆਂ। ਦਿਲਦਾਰ ਸਿੰਘ ਦੇ ਦੱਸਣ ਮੁਤਾਬਕ ਸਾਲ 2000 ਵਿੱਚ ਰਚਨਾ ਸਿੰਘ ਕੈਨੇਡਾ ਚਲੀ ਗਈ। ਉਨ੍ਹਾਂ ਕਿਹਾ ਕਿ ਰਚਨਾ ਨੂੰ ਅਗਾਂਹਵਧੂ ਸੋਚ ਆਪਣੇ ਨਾਨਾ ਤੇਰਾ ਸਿੰਘ ਚੰਨ ਤੇ ਪਿਤਾ ਪ੍ਰੋਫੈ਼ਸਰ ਰਘਬੀਰ ਸਿੰਘ ਤੇ ਮਾਂ ਸੁਲੇਖਾ ਤੋਂ ਮਿਲੀ। ਰਘਬੀਰ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜਾਬੀ ਵਿਭਾਗ ਵਿੱਚ ਪੜ੍ਹਾਉਂਦੇ ਰਹੇ ਹਨ। ਰਚਨਾ ਸਿੰਘ ਨੇ ਕੈਨੇਡਾ ਵਿੱਚ ਵੀ ਕਿਰਤ ਵਿਭਾਗ ਵਿੱਚ ਕੌਂਸਲਰ ਵਜੋਂ ਕੰਮ ਕੀਤਾ। ਰਚਨਾ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਕਿਰਤ ਵਿਭਾਗ ਯੂਨੀਅਨ ਦੀ ਮੁਖੀ ਥਾਪਿਆ ਗਿਆ, ਜਿਸ ਮਗਰੋਂ ਰਚਨਾ ਨੇ ਪੂਰੀ ਦਲੇਰੀ ਨਾਲ ਵਰਕਰਾਂ ਦੇ ਹੱਕਾਂ ਦੀ ਲੜਾਈ ਲੜੀ। ਰਚਨਾ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਗਏ ਕਾਰਜਾਂ ਕਰਕੇ ਉਹ ਲੋਕਾਂ ਦੇ ਹਰਮਨ ਪਿਆਰੇ ਹਨ। ਇਸੇ ਸਦਕਾ ਗਰੀਨ ਟਿੰਬਲ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਆਪਣੀ ਆਗੂ ਚੁਣਿਆ। ਰਚਨਾ ਸਿੰਘ ਭਾਰਤ ਦੇ ਹੱਕ ਵਿੱਚ ਵੀ ਲਗਾਤਾਰ ਵੱਡੇ ਪੱਧਰ ’ਤੇ ਮੁੱਦੇ ਚੁੱਕਦੇ ਰਹੇ ਹਨ।