ਮੁੰਬਈ, 14 ਫਰਵਰੀ
ਵਿਸ਼ਵ ਕ੍ਰਿਕਟ ਦੇ ਦੋ ਵੱਡੇ ਨਾਮ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਵੈਸਟ ਇੰਡੀਜ਼ ਦੇ ਬੱਲੇਬਾਜ਼ ਬਰਾਇਨ ਲਾਰਾ ਇੱਕ ਵਾਰ ਫਿਰ ਇੱਕ-ਦੂਜੇ ਖ਼ਿਲਾਫ਼ ਖੇਡਦੇ ਹੋਏ ਨਜ਼ਰ ਆਉਣਗੇ। ਇਹ ਦੋਵੇਂ ਚੈਂਪੀਅਨ ਖਿਡਾਰੀ ਟੀ-20 ਟੂਰਨਾਮੈਂਟ ‘ਅਨਅਕੈਡਮੀ ਸੜਕ ਸੁਰੱਖਿਆ ਵਿਸ਼ਵ ਲੜੀ’ ਦੇ ਪਹਿਲੇ ਮੈਚ ਵਿੱਚ ਆਹਮੋ-ਸਾਹਮਣੇ ਹੋਣਗੇ, ਜਦੋਂ 7 ਮਾਰਚ ਨੂੰ ਵਾਨਖੇੜੇ ਸਟੇਡੀਅਮ ਵਿੱਚ ਇੰਡੀਆ ਲੀਜ਼ੈਂਡਜ਼ ਅਤੇ ਵੈਸਟ ਇੰਡੀਜ਼ ਲੀਜ਼ੈਂਡਜ਼ ਦੀਆਂ ਟੀਮਾਂ ਵਿਚਾਲੇ ਮੁਕਾਬਲਾ ਖੇਡਿਆ ਜਾਵੇਗਾ।
ਲੜੀ ਦੇ ਪ੍ਰੋਗਰਾਮ ਅਨੁਸਾਰ ਟੂਰਨਾਮੈਂਟ ਵਿੱਚ ਕੁੱਲ 11 ਮੈਚ ਖੇਡੇ ਜਾਣਗੇ। ਇਸ ਲੜੀ ਵਿੱਚ ਭਾਰਤ, ਆਸਟਰੇਲੀਆ, ਸ੍ਰੀਲੰਕਾ, ਵੈਸਟ ਇੰਡੀਜ਼ ਅਤੇ ਦੱਖਣੀ ਅਫਰੀਕਾ ਦੇ ਕੁੱਝ ਵੱਡੇ ਕ੍ਰਿਕਟਰ ਹਿੱਸਾ ਲੈਣਗੇ, ਜਿਸ ਵਿੱਚ ਤੇਂਦੁਲਕਰ, ਵੀਰੇਂਦਰ ਸਹਿਵਾਗ, ਯੁਵਰਾਜ ਸਿੰਘ, ਜ਼ਹੀਰ ਖ਼ਾਨ, ਬਰਾਇਨ ਲਾਰਾ, ਸ਼ਿਵਨਾਰਾਇਣ ਚੰਦਰਪਾਲ, ਬਰੇਟ ਲੀ, ਬਰੇਟ ਹੌਜ਼, ਜੌਂਟੀ ਰੋਡਜ਼, ਮੁਥਈਆ ਮੁਰਲੀਧਰਨ, ਤਿਲਕਰਤਨੇ ਦਿਲਸ਼ਾਨ ਅਤੇ ਅਜੰਤਾ ਮੈਂਡਿਸ ਸ਼ਾਮਲ ਹਨ। ਪ੍ਰਬੰਧਕਾਂ ਅਨੁਸਾਰ ਇਸ ਲੜੀ ਦਾ ਮੰਤਵ ਸੜਕ ਸੁਰੱਖਿਆ ਬਾਰੇ ਜਾਗਰੂਕ ਕਰਨਾ ਹੈ। ਇਸ ਲੜੀ ਦੇ ਮੈਚ ਮੁੰਬਈ, ਪੁਣੇ, ਨਵੀਂ ਮੁੰਬਈ ਅਤੇ ਫਾਈਨਲ 22 ਮਾਰਚ ਨੂੰ ਇੱਥੇ ਬ੍ਰੇਬੋਰਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਪੁਣੇ ਵਿੱਚ ਭਾਰਤੀ ਟੀਮ ਦੇ ਦੋ ਮੈਚ ਹੋਣਗੇ। ਇਸ ਵਿੱਚੋਂ ਇੱਕ ਮੈਚ 14 ਮਾਰਚ ਨੂੰ ਦੱਖਣੀ ਅਫਰੀਕਾ ਲੀਜ਼ੈਂਡਜ਼ ਅਤੇ ਦੂਜਾ 20 ਮਾਰਚ ਨੂੰ ਆਸਟਰੇਲੀਆ ਲੀਜ਼ੈਂਡਜ਼ ਖ਼ਿਲਾਫ਼ ਹੋਵੇਗਾ। ਇੰਡੀਆ ਲੀਜ਼ੈਂਡਜ਼ ਦੀ ਅਗਵਾਈ ਤੇਂਦੁਲਕਰ ਕਰੇਗਾ। ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਇਸ ਲੜੀ ਦਾ ਕਮਿਸ਼ਨਰ ਹੈ। ਮੈਚ ਸ਼ਾਮ ਸੱਤ ਵਜੇ ਤੋਂ ਸ਼ੁਰੂ ਹੋਵੇਗਾ।