ਡਬਲਿਨ ਤੇ ਹੀਥਰੋ ਹਵਾਈ ਅੱਡਿਆਂ ’ਤੇ ਕਈ ਉਡਾਣਾਂ ਰੱਦ; ਬਿਜਲੀ ਤੋਂ ਵਾਂਝੇ ਰਹੇ ਪੌਣੇ ਪੰਜ ਲੱਖ ਲੋਕ
ਲੰਡਨ : ਬਰਤਾਨੀਆ ਅਤੇ ਆਇਰਲੈਂਡ ਵਿੱਚ ਵੱਡੀ ਗਿਣਤੀ ਲੋਕ ਅੱਜ ਬਿਜਲੀ ਤੋਂ ਵਾਂਝੇ ਰਹੇ। ਇੱਥੇ ਅੱਜ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪਿਆ ਜਿਸ ਕਾਰਨ ਮੌਸਮ ਵਿਭਾਗ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਚਿਤਾਵਨੀ ਦਿੱਤੀ ਸੀ। ਇਨ੍ਹਾਂ ਖੇਤਰਾਂ ਵਿਚ 93 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਜ਼ਿਕਰਯੋਗ ਹੈ ਕਿ ਯੂਕੇ ਦੇ ਮੌਸਮ ਵਿਭਾਗ ਨੇ ਬੀਤੇ ਦਿਨੀਂ ਰੈੱਡ ਅਲਰਟ ਜਾਰੀ ਕਰਦਿਆਂ ਪੇਸ਼ੀਨਗੋਈ ਕੀਤੀ ਸੀ ਕਿ ਉੱਤਰੀ ਆਇਰਲੈਂਡ, ਵੇਲਜ਼ ਅਤੇ ਪੱਛਮੀ ਇੰਗਲੈਂਡ ਤੂਫਾਨ ਆਵੇਗਾ ਜਿਸ ਤੋਂ ਬਾਅਦ ਅੱਜ ਇਨ੍ਹਾਂ ਖੇਤਰਾਂ ਵਿਚ ਲੋਕ ਬਿਜਲੀ ਤੋਂ ਵਾਂਝੇ ਰਹੇ ਤੇ ਲੋਕਾਂ ਨੇ ਰਾਤ ਤੋਂ ਬਾਅਦ ਅੱਜ ਦਾ ਦਿਨ ਘਰਾਂ ਵਿਚ ਹੀ ਗੁਜ਼ਾਰਿਆ। ਦੂਜੇ ਪਾਸੇ ਤੇਜ਼ ਹਵਾਵਾਂ ਕਾਰਨ ਦੇਸ਼ ਭਰ ਦੇ ਪ੍ਰਮੁੱਖ ਹਾਈਵੇਅ ਅਤੇ ਪੁਲ ਬੰਦ ਕਰ ਦਿੱਤੇ ਗਏ ਸਨ ਅਤੇ ਕਈ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਹ ਜਾਣਕਾਰੀ ਮਿਲੀ ਹੈ ਕਿ ਆਇਰਲੈਂਡ ਵਿੱਚ ਤੂਫਾਨ ਕਾਰਨ ਲਗਪਗ 400,000 ਘਰਾਂ, ਖੇਤਾਂ ਜਾਂ ਸਨਅਤੀ ਖੇਤਰਾਂ ਵਿਚ ਬਿਜਲੀ ਨਹੀਂ ਆਈ। ਆਇਰਲੈਂਡ ਦੇ ਡਬਲਿਨ ਹਵਾਈ ਅੱਡੇ ’ਤੇ ਕੁਝ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।
ਦੂਜੇ ਪਾਸੇੇ ਐਨਰਜੀ ਨੈਟਵਰਕਸ ਐਸੋਸੀਏਸ਼ਨ ਨੇ ਕਿਹਾ ਕਿ ਇੰਗਲੈਂਡ, ਸਕਾਟਲੈਂਡ ਅਤੇ ਵੇਲਜ਼ ਵਿੱਚ ਸਵੇਰੇ 9 ਵਜੇ ਤੱਕ ਲਗਪਗ 86,000 ਘਰਾਂ ਵਿਚ ਬਿਜਲੀ ਨਹੀਂ ਸੀ। ਹੀਥਰੋ ਹਵਾਈ ਅੱਡੇ ’ਤੇ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਤੇ ਕਈਆਂ ਨੂੰ ਜਰਮਨੀ ਤੇ ਹੋਰ ਦੇਸ਼ਾਂ ਵਿਚ ਤਬਦੀਲ ਕੀਤਾ ਗਿਆ।