ਨਵੀਂ ਦਿੱਲੀ, 11 ਅਗਸਤ
ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮਹਿਲਾ ਪਹਿਲਵਾਨਾਂ ਨਾਲ ਜਬਰ-ਜਨਾਹ ਮਾਮਲੇ ਦੇ ਦੋਸ਼ੀ ਭਾਜਪਾ ਦੇ ਸੰਸਦ ਮੈਂਬਰ ਨੂੰ ਲੈ ਕੇ ਉਨ੍ਹਾਂ ਇੱਕ ਵੀ ਸ਼ਬਦ ਨਹੀਂ ਕਿਹਾ ਅਤੇ ਹੁਣ ਉਹ ‘ਫਲਾਇੰਗ ਕਿਸ’ ਦੀ ਗੱਲ ਕਰ ਰਹੇ ਹਨ। ਮੋਇਤਰਾ ਦਾ ਇਹ ਬਿਆਨ ਲੋਕ ਸਭਾ ਵਿੱਚ ਰਾਹੁਲ ਗਾਂਧੀ ਨਾਲ ਜੁੜੇ ਫਲਾਇੰਗ ਕਿਸ ਵਿਵਾਦ ’ਤੇ ਸਮ੍ਰਿਤੀ ਇਰਾਨੀ ਦੇ ਬਿਆਨ ਦੇ ਇੱਕ ਦਿਨ ਬਾਅਦ ਆਇਆ ਹੈ, ਜਿਸ ਵਿੱਚ ਕੇਂਦਰੀ ਮੰਤਰੀ ਨੇ ਕਾਂਗਰਸ ਦੇ ਸੰਸਦ ਮੈਂਬਰ ਨੂੰ ਇਸਤਰੀਆਂ ਨਾਲ ਨਫ਼ਰਤ ਕਰਨ ਵਾਲਾ ਦੱਸਦਿਆਂ ਕਿਹਾ ਸੀ ਕਿ ਸਦਨ ਵਿੱਚ ਅਜਿਹੀ ਘਟਨਾ ਪਹਿਲਾ ਕਦੇ ਨਹੀਂ ਦੇਖੀ ਗਈ। ਇਸ ਘਟਨਾ ਨੂੰ ਲੈ ਕੇ ਭਾਜਪਾ ਦੀਆਂ ਮਹਿਲਾ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕਰਕੇ ਰਾਹੁਲ ਗਾਂਧੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਮਹੂਆ ਨੇ ਅੱਜ ਸੰਸਦ ਦੇ ਬਾਹਰ ਗੱਲਬਾਤ ਕਰਦਿਆਂ ਕਿਹਾ, ‘‘ਜਦੋਂ ਭਾਜਪਾ ਦੇ ਇੱਕ ਸੰਸਦ ’ਤੇ ਸਾਡੀਆਂ ਚੈਂਪੀਅਨ ਮਹਿਲਾ ਪਹਿਲਵਾਨਾਂ ਤਰਫੋਂ ਛੇੜਛਾੜ ਅਤੇ ਜਬਰ-ਜਨਾਹ ਦਾ ਦੋਸ਼ ਲੱਗਦਾ ਹੈ, ਉਦੋਂ ਅਸੀਂ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਤੋਂ ਇੱਕ ਲਫ਼ਜ਼ ਨਹੀਂ ਸੁਣਦੇ ਹਾਂ ਅਤੇ ਹੁਣ ਉਹ ਫਲਾਇੰਗ ਕਿਸ ਦੀ ਗੱਲ ਕਰ ਰਹੀ ਹੈ।’’ ਮਹੂਆ ਮੋਇਤਰਾ ਨੇ ਕਿਹਾ, ‘‘ਤੁਹਾਡੀਆਂ ਤਰਜੀਹਾਂ ਕੀ ਹਨ ਮੈਡਮ।’’