ਅੰਮ੍ਰਿਤਸਰ, ਰੇਲ ਹਾਦਸੇ ਵਿਚ ਮਾਰੇ ਵਿਅਕਤੀਆਂ ਵਿਚੋਂ ਕੁਝ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ ਅਤੇ ਕਈਆਂ ਨੂੰ ਅਜੇ ਵੀ ਆਪਣੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਨਹੀਂ ਮਿਲ ਰਹੀ ਸੀ। ਇਸ ਕਾਰਨ ਉਹ ਵੱਖ ਵੱਖ ਹਸਪਤਾਲਾਂ ਵਿਚ ਖੱਜਲ-ਖੁਆਰ ਹੋ ਰਹੇ ਹਨ। ਇਨ੍ਹਾਂ ਵਿਚ ਹੀ ਵਿਜੈ ਕੁਮਾਰ ਵਾਸੀ ਦਸਮੇਸ਼ ਨਗਰ ਦਾ ਪਰਿਵਾਰ ਵੀ ਸ਼ਾਮਲ ਹੈ, ਜੋ ਰਾਤ ਭਰ ਆਪਣੇ 19 ਸਾਲਾ ਬੇਟੇ ਮਨੀਸ਼ ਦੀ ਭਾਲ ਲਈ ਖੱਜਲ-ਖੁਆਰ ਹੁੰਦਾ ਰਿਹਾ।
ਮਨੀਸ਼ 12ਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਦਸਹਿਰਾ ਦੇਖਣ ਗਿਆ ਸੀ, ਪਰ ਵਾਪਸ ਨਹੀਂ ਪਰਤਿਆ। ਵਿਜੈ ਕੁਮਾਰ ਅਤੇ ਉਸ ਦਾ ਵੱਡਾ ਭਰਾ ਰਤਨ ਲਾਲ ਤੇ ਹੋਰ ਵਿਅਕਤੀ ਬੀਤੀ ਰਾਤ ਤੋਂ ਵੱਖ ਵੱਖ ਹਸਪਤਾਲਾਂ ਵਿਚ ਉਸ ਨੂੰ ਲੱਭ ਰਹੇ ਸਨ। ਤੜਕੇ ਸੋਸ਼ਲ ਮੀਡੀਆ ’ਤੇ ਬਿਨਾ ਧੜ ਵਾਲੀ ਇਕ ਫੋਟੋ ਵਾਇਰਲ ਹੋਈ, ਜੋ ਉਸ ਦੇ ਬੇਟੇ ਦੀ ਸੀ। ਉਸ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ, ਗੁਰੂ ਨਾਨਕ ਦੇਵ ਹਸਪਤਾਲ ਤੇ ਹੋਰ ਥਾਵਾਂ ’ਤੇ ਹੋ ਕੇ ਆਇਆ ਹੈ, ਪਰ ਉਸ ਦੇ ਬੇਟੇ ਦੀ ਲਾਸ਼ ਨਹੀਂ ਮਿਲੀ। ਗੁਰੂ ਨਾਨਕ ਦੇਵ ਹਸਪਤਾਲ ਵਿਚ ਕੁਝ ਅੰਗ, ਜਿਨ੍ਹਾਂ ਵਿਚ ਲੱਤਾਂ ਅਤੇ ਬਾਵਾਂ ਆਦਿ ਹਨ, ਉਸ ਨੂੰ ਆਪਣੇ ਬੇਟੇ ਦੀਆਂ ਲੱਗਦੀਆਂ ਹਨ, ਪਰ ਸਿਰ ਨਹੀਂ ਲੱਭ ਰਿਹਾ ਸੀ। ਰਤਨ ਲਾਲ ਨੇ ਆਖਿਆ ਕਿ ਉਨ੍ਹਾਂ ਨੂੰ ਪੁੱਤ ਦਾ ਸਿਰ ਹੀ ਮਿਲ ਜਾਵੇ ਤਾਂ ਜੋ ਉਹ ਸਸਕਾਰ ਕਰ ਸਕਣ।
ਇਸੇ ਤਰ੍ਹਾਂ ਜਤਿੰਦਰ ਆਪਣੀ ਪਤਨੀ ਆਰਤੀ ਅਤੇ ਦੋ ਸਾਲਾ ਬੇਟੇ ਸ਼ਿਵਮ ਨਾਲ ਦਸਹਿਰਾ ਵੇਖਣ ਗਿਆ ਸੀ, ਪਰ ਇਸ ਘਟਨਾ ਵਿਚ ਜਤਿੰਦਰ ਅਤੇ ਉਸ ਦਾ ਬੇਟਾ ਦੋਵੇਂ ਮਾਰੇ ਗਏ ਹਨ। ਉਸ ਦੀ ਪਤਨੀ ਗੰਭੀਰ ਰੂਪ ਵਿਚ ਜ਼ਖ਼ਮੀ ਹੈ, ਜੋ ਪ੍ਰਾਈਵੇਟ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਅਜਿਹੀ ਸਥਿਤੀ ਵਿਚ ਜਤਿੰਦਰ ਅਤੇ ਉਸ ਦੇ ਬੇਟੇ ਦੀਆਂ ਲਾਸ਼ਾਂ ਦਾ ਦਾਅਵੇਦਾਰ ਵੀ ਕੋਈ ਨਹੀਂ ਹੈ ਅਤੇ ਨਾ ਹੀ ਆਰਤੀ ਦੀ ਦੇਖਭਾਲ ਲਈ ਕੋਈ ਹੈ। ਇਹ ਪਰਿਵਾਰ ਦੋ ਸਾਲ ਪਹਿਲਾਂ ਬਿਹਾਰ ਦੇ ਭਾਗਲਪੁਰ ਤੋਂ ਰੋਜ਼ੀ-ਰੋਟੀ ਖ਼ਾਤਰ ਅੰਮ੍ਰਿਤਸਰ ਆਇਆ ਸੀ। ਇਸ ਹਾਦਸੇ ਕਾਰਨ ਕਈ ਜ਼ਖ਼ਮੀਆਂ ਦੇ ਅੰਗ ਕੱਟੇ ਗਏ ਹਨ ਤੇ ਉਹ ਅਪਾਹਜ ਹੋ ਗਏ ਹਨ। ਇਸ ਦੌਰਾਨ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਵਧੇਰੇ ਥਾਂ ਨਾ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਇੱਥੇ ਰੱਖੀਆਂ ਲਾਸ਼ਾਂ ਨੂੰ ਬਦਬੂ ਤੋਂ ਬਚਾਉਣ ਵਾਸਤੇ ਇੱਥੇ ਹੀ ਬਰਫ਼ ਦੀਆਂ ਸਿੱਲੀਆਂ ਰੱਖੀਆਂ ਹੋਈਆਂ ਸਨ ਤਾਂ ਜੋ ਤਾਪਮਾਨ ਘੱਟ ਕੀਤਾ ਜਾ ਸਕੇ। ਲਾਸ਼ਾਂ ਦਾ ਪੋਸਟਮਾਰਟਮ ਰਾਤ ਨੂੰ ਹੀ ਸ਼ੁਰੂ ਕਰ ਦਿੱਤਾ ਗਿਆ ਸੀ।
ਸਿਵਲ ਅਤੇ ਗੁਰੂ ਨਾਨਕ ਦੇਵ ਹਸਪਤਾਲ ਤੋਂ ਇਲਾਵਾ ਹੋਰ ਕਈ ਹਸਪਤਾਲਾਂ ਵਿਚ ਵੀ ਵੱਖ ਵੱਖ ਸਵੈ-ਸੇਵੀ ਜਥੇਬੰਦੀਆਂ ਵੱਲੋਂ ਲੋਕਾਂ ਵਾਸਤੇ ਲੰਗਰ ਵੀ ਲਾਏ ਗਏ ਹਨ, ਜਿਨ੍ਹਾਂ ਵਿਚ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਵੀ ਸ਼ਾਮਲ ਹਨ। ਉਨ੍ਹਾਂ ਵਲੋਂ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਲੰਗਰ ਲਾਇਆ ਗਿਆ ਹੈ। ਇਸੇ ਤਰ੍ਹਾਂ ਸਵੈ-ਸੇਵੀ ਜਥੇਬੰਦੀਆਂ ਅਤੇ ਖ਼ੂਨਦਾਨੀਆਂ ਵੱਲੋਂ ਜ਼ਖ਼ਮੀਆਂ ਵਾਸਤੇ ਖ਼ੂਨਦਾਨ ਦਾ ਵੀ ਪ੍ਰਬੰਧ ਕੀਤਾ ਗਿਆ। ਸਰਕਾਰੀ ਮੈਡੀਕਲ ਕਾਲਜ ਦੇ ਬਲੱਡ ਬੈਂਕ ਦੇ ਇੰਚਾਰਜ ਡਾ. ਨੀਰਜ ਸ਼ਰਮਾ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਮਦਦ ਵਾਸਤੇ ਲਗਭਗ 220 ਲੋਕਾਂ ਨੇ ਉਨ੍ਹਾਂ ਕੋਲ ਖ਼ੂਨਦਾਨ ਕੀਤਾ ਹੈ।