ਸੰਯੁਕਤ ਰਾਸ਼ਟਰ, 21 ਸਤੰਬਰ

ਤੁਰਕੀ ਦੇ ਰਾਸ਼ਟਰਪਤੀ ਰੇੇਸਿਪ ਤਈਅਪ ਅਰਦੌਗਾਂ ਨੇ ਇੱਥੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਉੱਚ ਪੱਧਰੀ 78ਵੇਂ ਸੈਸ਼ਨ ਵਿਚ ਵਿਸ਼ਵ ਭਰ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ਕਸ਼ਮੀਰ ਦਾ ਮੁੱਦਾ ਉਠਾਇਆ ਹੈ। ਅਰਦੌਗਾਂ ਨੇ ਆਮ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ, ‘ਇਕ ਹੋਰ ਕਾਰਜ ਜੋ ਕਿ ਦੱਖਣੀ ਏਸ਼ੀਆ ਵਿਚ ਖੇਤਰੀ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਦਾ ਰਾਹ ਪੱਧਰਾ ਕਰੇਗਾ, ਉਹ ਹੈ ਭਾਰਤ-ਪਾਕਿਸਤਾਨ ਦਰਮਿਆਨ ਸੰਵਾਦ ਤੇ ਤਾਲਮੇਲ ਰਾਹੀਂ ਕਸ਼ਮੀਰ ’ਚ ਸਥਾਈ ਸ਼ਾਂਤੀ ਸਥਾਪਿਤ ਕਰਨਾ।’ ਉਨ੍ਹਾਂ ਕਿਹਾ ਕਿ ਤੁਰਕੀ ਇਸ ਪਾਸੇ ਚੁੱਕੇ ਜਾਣ ਵਾਲੇ ਕਦਮਾਂ ਦਾ ਸਮਰਥਨ ਕਰਦਾ ਰਹੇਗਾ। ਤੁਰਕੀ ਦੇ ਰਾਸ਼ਟਰਪਤੀ ਨੇ ਇਹ ਟਿੱਪਣੀਆਂ ਕੁਝ ਹਫ਼ਤੇ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਵੀਂ ਦਿੱਲੀ ਵਿਚ ਕੀਤੀ ਮੁਲਾਕਾਤ ਤੋਂ ਬਾਅਦ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਉਹ ਜੀ20 ਸਿਖ਼ਰ ਸੰਮੇਲਨ ਲਈ ਭਾਰਤ ਆਏ ਸਨ। ਇਸ ਦੌਰਾਨ ਦੋਵਾਂ ਆਗੂਆਂ ਨੇ ਵਪਾਰ ਤੇ ਬੁਨਿਆਦੀ ਢਾਂਚੇ ਦੇ ਪੱਖ ਤੋਂ ਸਬੰਧ ਮਜ਼ਬੂਤ ਕਰਨ ਉਤੇ ਚਰਚਾ ਕੀਤੀ ਸੀ। ਅਰਦੌਗਾਂ ਨੇ ਨਾਲ ਹੀ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਭਾਰਤ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ’ਚ ਭੂਮਿਕਾ ਨਿਭਾ ਰਿਹਾ ਹੈ। ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਸਲਾਮਤੀ ਪਰਿਸ਼ਦ ’ਚ ਪੰਜ ਪੱਕੇ ਅਤੇ 15 ‘ਆਰਜ਼ੀ’ ਮੈਂਬਰਾਂ ਨੂੰ ਸਥਾਈ ਮੈਂਬਰ ਬਣਾਉਣ ਦਾ ਪੱਖ ਪੂਰਿਆ ਹੈ। ਉਨ੍ਹਾਂ ਕਿਹਾ, ‘ਇਹ 20 (5+15) ਜਣੇ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ’ਚ ਰੋਟੇਸ਼ਨ ’ਚ ਸਥਾਈ ਮੈਂਬਰ ਬਣਨੇ ਚਾਹੀਦੇ ਹਨ। ਤੁਸੀਂ ਜਾਣਦੇ ਹੋ, ਸੰਸਾਰ ਪੰਜ ਜਣਿਆਂ ਤੋਂ ਵੱਡਾ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਸੰਸਾਰ ਪੰਜਾਂ ਤੋਂ ਵੱਡਾ ਹੈ, ਇਸ ਦਾ ਮਤਲਬ ਹੈ ਕਿ ਦੁਨੀਆ ਸਿਰਫ਼ ਅਮਰੀਕਾ, ਬਰਤਾਨੀਆ, ਫਰਾਂਸ, ਚੀਨ ਤੇ ਰੂਸ ਨਹੀਂ ਹੈ।’ ਦੱਸਣਯੋਗ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਤੁਰਕ ਆਗੂ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚਲੇ ਭਾਸ਼ਣਾਂ ਵਿਚ ਆਲਮੀ ਆਗੂਆਂ ਅੱਗੇ ਕਸ਼ਮੀਰ ਦਾ ਮੁੱਦਾ ਰੱਖਿਆ ਹੈ। ਪਿਛਲੇ ਸਾਲ ਵੀ ਅਰਦੌਗਾਂ ਨੇ ਇੱਥੇ ਕਸ਼ਮੀਰ ਮੁੱਦਾ ਚੁੱਕਿਆ ਸੀ। ਉਨ੍ਹਾਂ ਉਦੋਂ ਕਿਹਾ ਸੀ, ‘ਭਾਰਤ ਤੇ ਪਾਕਿਸਤਾਨ, ਆਪਣੀ ਆਜ਼ਾਦੀ ਤੇ ਪ੍ਰਭੂਸੱਤਾ ਸਥਾਪਿਤ ਹੋਣ ਦੇ 75 ਸਾਲਾਂ ਬਾਅਦ ਵੀ, ਹਾਲੇ ਤੱਕ ਇਕ-ਦੂਜੇ ਨਾਲ ਸ਼ਾਂਤੀ ਕਾਇਮ ਕਰ ਕੇ ਸਹਿਯੋਗ ਨਹੀਂ ਕਰ ਸਕੇ। ਇਹ ਮੰਦਭਾਗਾ ਹੈ। ਅਸੀਂ ਆਸ ਤੇ ਦੁਆ ਕਰਦੇ ਹਾਂ ਕਿ ਕਸ਼ਮੀਰ ਵਿਚ ਨਿਰਪੱਖ ਤੇ ਸਥਾਈ ਸ਼ਾਂਤੀ-ਸਥਿਰਤਾ ਕਾਇਮ ਹੋਵੇ।’