ਵਿਕਟੋਰੀਆ (ਬ੍ਰਿਟਿਸ਼ ਕੋਲੰਬੀਆ), 20 ਅਪਰੈਲ
ਮਨੁੱਖੀ ਹੱਕਾਂ ਲਈ ਲੜਨ ਵਾਲੀ ਕਾਰਕੁਨ ਤੀਸਤਾ ਸੀਤਲਵਾੜ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਵਿੱਚ ਬੀਸੀ ਦੇ ਪ੍ਰੀਮੀਅਰ ਜੌਹਨ ਹੌਗਰਨ ਨੂੰ ਮਿਲੇ। ਉਨ੍ਹਾਂ ਪ੍ਰੀਮੀਅਰ ਨੂੰ ਆਪਣੀ ਕਿਤਾਬ ‘ਫੁੱਟ ਸੋਲਜ਼ਰ ਆਫ ਦਾ ਕਾਂਸਟੀਚਿਊਸ਼ਨ’ ਦੀ ਕਾਪੀ ਭੇਟ ਕੀਤੀ।
ਆਪਣੀ ਸੰਖੇਪ ਮਿਲਣੀ ਵਿੱਚ ਤੀਸਤਾ ਸੀਤਲਵਾੜ ਨੇ ਬੀਸੀ ਪ੍ਰੀਮੀਅਰ ਨੂੰ ਭਾਰਤ ਵਿੱਚ ਮਨੁੱਖੀ ਹੱਕਾਂ ਦੀ ਸਥਿਤੀ, ਖ਼ਾਸ ਕਰ ਕੇ ਦਲਿਤਾਂ, ਔਰਤਾਂ, ਧਾਰਮਿਕ ਤੇ ਹੋਰ ਘੱਟ-ਗਿਣਤੀਆਂ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਉਮੀਦ ਪ੍ਰਗਟਾਈ ਕੀਤੀ ਕਿ ਕੈਨੇਡਾ ਸਮੇਤ ਦੁਨੀਆਂ ਦੇ ਮਨੁੱਖੀ ਹੱਕਾਂ ਦੇ ਤਮਾਮ ਚੈਂਪੀਅਨ ਅਤੇ ਜਮਹੂਰੀਅਤ ਪਸੰਦ ਮੁਲਕ ਹੋਰ ਦੁਵੱਲੇ ਹਿੱਤਾਂ ਦੇ ਮਾਮਲਿਆਂ ਦੇ ਨਾਲ-ਨਾਲ ਭਾਰਤ ਵਿੱਚ ਮਨੁੱਖੀ ਅਤੇ ਜਮਹੂਰੀ ਹੱਕਾਂ ਦੇ ਘਾਣ ਦਾ ਮੁੱਦਾ ਭਾਰਤ ਸਰਕਾਰ ਕੋਲ ਉਠਾਉਣਗੇ ਅਤੇ ਘੱਟ ਗਿਣਤੀਆਂ ਦੇ ਹਿੱਤਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਮੰਗ ਕਰਨਗੇ।
ਇਸ ਮੌਕੇ ਉਨ੍ਹਾਂ ਬਹੁ-ਸੱਭਿਆਚਾਰਕ ਮਾਮਲਿਆਂ ਦੇ ਪਾਰਲੀਮਾਨੀ ਸਕੱਤਰ ਰਵੀ ਕਾਹਲੋਂ, ਲੇਬਰ ਮੰਤਰੀ ਹੈਰੀ ਬੈਂਸ ਅਤੇ ਹੋਰ ਚੁਣੇ ਹੋਏ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਨਾਲ ਭਾਰਤ ਤੋਂ ਮਨੁੱਖੀ ਤੇ ਜਮਹੂਰੀ ਹੱਕਾਂ ਦੇ ਕਾਰਕੁਨ ਬੂਟਾ ਸਿੰਘ ਨਵਾਂਸ਼ਹਿਰ ਵੀ ਮੌਜੂਦ ਸਨ। ਬੂਟਾ ਸਿੰਘ ਨੇ ਤੀਸਤਾ ਦੀ ਕਿਤਾਬ ਦਾ ਪੰਜਾਬੀ ਅਨੁਵਾਦ ਕੀਤਾ ਹੈ। ਦੱਸਣਯੋਗ ਹੈ ਕਿ ਜਲਿਆਂਵਾਲਾ ਬਾਗ਼ ਸਾਕੇ ਦੇ ਦੋਸ਼ੀ ਜਨਰਲ ਡਾਇਰ ਨਾਲ ਜਿਰ੍ਹਾ ਤੀਸਤਾ ਸੀਤਲਵਾੜ ਦੇ ਪੜਦਾਦਾ ਚਿਮਨ ਲਾਲ ਸੀਤਲਵਾੜ ਨੇ ਕੀਤੀ ਸੀ। ਉਹ ਮਸ਼ਹੂਰ ਭਾਰਤੀ ਕਾਨੂੰਨਦਾਨ ਸਨ ਅਤੇ ਬਰਤਾਨਵੀ ਸਰਕਾਰ ਵੱਲੋਂ ਜਲ੍ਹਿਆਂਵਾਲਾ ਬਾਗ਼ ਸਾਕੇ ਬਾਰੇ ਬਣਾਏ ਜਾਂਚ ਕਮਿਸ਼ਨ (ਹੰਟਰ ਕਮਿਸ਼ਨ) ਦੇ ਮੈਂਬਰ ਸਨ।