ਚੰਡੀਗੜ੍ਹ, 13 ਦਸੰਬਰ

ਦੇਸ਼ ਦੀ ਰਾਜਧਾਨੀ ਦੇ ਬਾਹਰ ਸਰਹੱਦਾਂ ’ਤੇ ਰੋਕੇ ਕਿਸਾਨਾਂ ਦੇ ਧਰਨੇ ਜਮਹੂਰੀਅਤ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਲਈ ਤੀਰਥ ਬਣ ਗਏ ਹਨ। ਹਰ ਮੂੰਹ ’ਤੇ ਹੁਣ ਕਿਸਾਨ ਸੰਘਰਸ਼ ਦੀ ਗੱਲ ਹੈ ਤੇ ਇਕ ਦੂਜੇ ਨੂੰ ਪੁੱਛਿਆ ਜਾਂਦਾ ਹੈ ਕਿ ਤੂ ਧਰਨੇ ਵਿੱਚ ਹਾਜ਼ਰੀ ਲਗਾਈ ਹੈ ਜਾਂ ਨਹੀਂ। ਜਿਹੜਾ ‘ਤੀਰਥਾਂ’ ਤੋਂ ਮੁੜਿਆ ਹੈ ਉਹ ਠੋਕ ਕੇ ਦੱਸਦਾ ਹੈ। ਇਹ ‘ਤੀਰਥ’ ਕਿਸੇ ਇਕ ਧਰਮ, ਜਾਤ, ਨਸਲ ਜਾਂ ਕਿੱਤੇ ਵਾਲੇ ਦਾ ਨਹੀਂ। ਇਹ ਸਰਬ ਪ੍ਰਵਾਨਤ ਤੀਰਥ ਹਨ।

ਨਿੱਤ ਹਜ਼ਾਰਾਂ ਕਿਸਾਨ ਤੇ ਹੋਰ ਜਥੇਬੰਦੀਆਂ ਦੇ ਲੋਕ ਦੇਸ਼ ਭਰ ਵਿੱਚੋਂ ਇਨ੍ਹਾਂ ਵਿੱਚ ਪੁੱਜ ਕੇ ਖ਼ੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜ਼ਮਹੂਰੀਅਤ ਲਈ ਉਨ੍ਹਾਂ ਨੇ ਆਪਣਾ ਕੋਈ ਯੋਗਦਾਨ ਪਾ ਦਿੱਤਾ ਹੈ। ਇਨ੍ਹਾਂ ‘ਤੀਰਥਾਂ’ ਵਿੱਚ ਸੰਘਰਸ਼ਮਈ ਲੋਕਾਂ ਚਿਹਰੇ ਖਿੜੇ ਹੋਏ ਹਨ ਤੇ ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਹਨ। ਭਾਂਤ-ਭਾਂਤ ਦੇ ਲੰਗਰ ਚੱਲ ਰਹੇ ਹਨ ਤੇ ਕੋਈ ਭੁੱਖਾ ਨਹੀਂ। ਜਿਹੜਾ ਸੰਘਰਸ਼ ਦਾ ਹਿੱਸਾ ਵੀ ਨਹੀਂ ਉਹ ਵੀ ਢਿੱਡ ਭਰ ਰਿਹਾ ਹੈ। ਭਾਵੇਂ ਇਸ ’ਤੀਰਥ’ ਵਿੱਚ ਅਰਾਮ ਦੀ ਕੋਈ ਚੀਜ਼ ਨਹੀਂ ਪਰ ਜਮਹੂਰੀਅਤ ਲਈ ਸੰਘਰਸ਼ ਦਾ ਚਾਅ ਐਨਾ ਹੈ ਕਿ ਇਹ ਚੀਜ਼ਾਂ ਕੋਈ ਅਰਥ ਨਹੀਂ ਰੱਖਦੀਆਂ। ਇਸ ਬਾਰੇ ਕਵੀ ਵਾਹਿਦ ਨੇ ਬਹੁਤ ਹੀ ਸੁੰਦਰ ਲਿਖਿਆ ਹੈ ਜਿਸ ਨੂੰ ਪਾਠਕਾਂ ਨੂੰ ਸਾਂਝਾ ਕਰਨਾ ਬਣਦਾ ਹੈ।