ਮੈਡੇਲਿਨ, 14 ਜੂਨ
ਭਾਰਤੀ ਖਿਡਾਰਨ ਆਦਿਤੀ ਸਵਾਮੀ ਨੇ ਕੋਲੰਬੀਆ ਦੇ ਮੈਡੇਲਿਨ ’ਚ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਤੀਜੇ ਗੇੜ ’ਚ ਅੰਡਰ-18 ਵਿਸ਼ਵ ਰਿਕਾਰਡ ਤੋੜ ਕੇ ਅਗਲੇ ਦੌਰ ਲਈ ਕੁਆਲੀਫਾਈ ਕਰ ਲਿਆ ਹੈ। ਪਿਛਲੇ ਸਾਲ ਏਸ਼ੀਆ ਕੱਪ ਦੇ ਤੀਜੇ ਗੇੜ ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ 16 ਸਾਲਾ ਆਦਿਤੀ ਨੇ ਮਹਿਲਾਵਾਂ ਦੇ ਕੰਪਾਊਂਡ ਵਰਗ ’ਚ 720 ’ਚੋਂ 711 ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਪਹਿਲੀ ਵਾਰ ਵਿਸ਼ਵ ਕੱਪ ਸੈਸ਼ਨ ਖੇਡ ਰਹੀ ਆਦਿਤੀ ਨੇ 705 ਅੰਕ ਦਾ ਪਿਛਲਾ ਰਿਕਾਰਡ ਤੋੜਿਆ ਜੋ ਮਈ ’ਚ ਅਮਰੀਕਾ ਦੀ ਲਿਕੋ ਐਰੇਓਲਾ ਨੇ ਬਣਾਇਆ ਸੀ। ਭਾਰਤ ਦੀ ਹੀ ਵਿਸ਼ਵ ਕੱਪ ’ਚ ਸੋਨ ਤਗ਼ਮਾ ਜੇਤੂ ਜਯੋਤੀ ਸੁਰੇਖਾ ਵੈਨਮ ਵੀ ਉਸ ਤੋਂ ਪਿੱਛੇ ਰਹੀ। ਆਦਿਤੀ, ਜਯੋਤੀ ਤੇ ਪ੍ਰਨੀਤ ਕੌਰ ਨੇ ਟੀਮ ਵਰਗ ’ਚ ਵੀ ਕੁਆਲੀਫਿਕੇਸ਼ਨ ’ਚ ਪਹਿਲਾ ਸਥਾਨ ਹਾਸਲ ਕੀਤਾ ਪਰ ਵਿਸ਼ਵ ਰਿਕਾਰਡ ਤੋਂ ਇੱਕ ਅੰਕ ਤੋਂ ਖੁੰਝ ਗਏ। ਪੁਰਸ਼ ਵਰਗ ’ਚ ਅਭਿਸ਼ੇਕ ਵਰਮਾ ਭਾਰਤੀਆਂ ’ਚੋਂ ਸਿਖਰ ’ਤੇ ਰਿਹਾ।