ਗੁਆਟੇਮਾਲਾ:ਭਾਰਤ ਦੇ ਅਤਨੂ ਦਾਸ ਅਤੇ ਦੀਪਿਕਾ ਕੁਮਾਰੀ ਨੇ ਵੀਰਵਾਰ ਨੂੰ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਪਹਿਲੇ ਗੇੜ ਦੇ ਰੀਕਰਵ ਵਰਗ ’ਚ ਵਿਅਕਤੀਗਤ ਮੁਕਾਬਲੇ ਦੇ ਸੈਮੀ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਇਹ ਦੋਵੇ ਰੀਕਰਵ ਮਿਕਸਡ ਮੁਕਾਬਲੇ ਵਿੱਚ ਵੀ ਕਾਂਸੀ ਦੇ ਤਗ਼ਮੇ ਲਈ ਪਲੇਆਫ਼ ’ਚ ਪਹੁੰਚ ਗੲੇ ਹਨ। ਇਸ ਨਾਲ ਟੂੁਰਨਾਮੈਂਟ ’ਚ ਭਾਰਤ ਪੰਜ ਤਗ਼ਮਿਆਂ ਦੀ ਦੌੜ ’ਚ ਬਣਿਆ ਹੋਇਆ ਹੈ। ਇੱਥੇ ਲਾਸ ਆਰਕੋਜ਼ ਸਪੋਰਟਸ ਕੰਪਲੈਕਸ ’ਚ ਦੀਪਿਕਾ ਨੇ ਤੇਜ਼ ਹਵਾਵਾਂ ਦੌਰਾਨ ਵਧੀਆ ਪ੍ਰਦਰਸ਼ਨ ਕਰਦਿਆਂ ਜਰਮਨੀ ਦੀ ਮਿਸ਼ੇਲੀ ਕ੍ਰੋਪੇਨ ਨੂੰ ਸਿੱਧੇ ਸੈੱਟਾਂ ’ਚ ਮਾਤ ਦਿੱਤੀ। ਦੀਪਿਕਾ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਮੈਕਸਿਕੋ ਦੀ ਅਲੈਜਾਂਦਰਾ ਵੈਲੇਂਸੀਆ ਨਾਲ ਹੋਵੇਗਾ। ਦੂਜੇ ਪਾਸੇ ਅਤਨੂ ਦਾਸ ਨੇ ਕੁਆਰਟਰ ਫਾਈਨਲ ’ਚ ਕੈਨੇਡਾ ਦੇ ਐਰਿਕ ਪੀਟਰਸ ਨੂੰ 6-4 ਨਾਲ ਹਰਾਇਆ। ਵਿਸ਼ਵ ਕੱਪ ’ਚ ਪਹਿਲੀ ਵਾਰ ਤਗ਼ਮੇ ਦੀ ਦੌੜ ’ਚ ਪਹੁੰਚੇ ਦਾਸ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਅਲਵਾਰਡੋ ਨਾਲ ਹੋਵੇਗਾ। ਮਿਕਸਡ ਮੁਕਾਬਲੇ ’ਚ ਕਾਂਸੀ ਦੇ ਤਗ਼ਮੇ ਲਈ ਦਾਸ ਤੇ ਦੀਪਿਕਾ ਦਾ ਮੁਕਾਬਲਾ ਅਮਰੀਕਾ ਦੇ ਬਰਾਡੀ ਐਲੀਸਨ ਅਤੇ ਕੈਸੀ ਕੌਫਹੋਲਡ ਨਾਲ ਹੋਵੇਗਾ। ਭਾਰਤ ਦੀਆਂ ਪੁਰਸ਼ ਅਤੇ ਮਹਿਲਾਵਾਂ ਦੀਆਂ ਟੀਮਾਂ ਵੀ ਆਖਰੀ ਅੱਠਾਂ ’ਚ ਜਗ੍ਹਾ ਬਣਾ ਕੇ ਤਗ਼ਮੇ ਦੀ ਦੌੜ ’ਚ ਬਣੀਆਂ ਹੋਈਆਂ ਹਨ।