ਬਰਮਿੰਘਮ:ਅਭਿਸ਼ੇਕ ਵਰਮਾ ਅਤੇ ਜੋਤੀ ਸੁਰੇਖਾ ਵੇਨਾਮ ਦੀ ਭਾਰਤੀ ਕੰਪਾਊਂਡ ਮਿਕਸਡ ਟੀਮ ਨੇ ਇੱਥੇ ਵਿਸ਼ਵ ਖੇਡਾਂ ਵਿੱਚ ਆਪਣੇ ਮੈਕਸੀਕਨ ਵਿਰੋਧੀਆਂ ਨੂੰ ਇੱਕ ਅੰਕ ਨਾਲ ਪਛਾੜ ਕੇ ਕਾਂਸੇ ਦਾ ਤਗਮਾ ਆਪਣੇ ਨਾਂ ਕੀਤਾ। ਭਾਰਤੀ ਤੀਰਅੰਦਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਹਿੜੇ ਗੇੜ ਵਿੱਚ ਲੀਡ ਲਈ ਪਰ ਆਂਦਰਿਆ ਬੇਕੇਰਾ ਅਤੇ ਮਿਗੁਏਲ ਬੇਕੇਰਾ ਦੀ ਜੋੜੀ ਨੇ ਦੂਜੇ ਗੇੜ ਵਿੱਚ ਸਕੋਰ ਬਰਾਬਰ ਕਰ ਦਿੱਤਾ। ਵਰਮਾ ਅਤੇ ਜੋਤੀ ਨੇ ਤੀਜੇ ਗੇੜ ਵਿੱਚ ਮੁੜ ਵਾਪਸੀ ਕੀਤੀ ਅਤੇ ਆਖਰੀ ਗੇੜ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਮੁਕਾਬਲਾ 157-156 ਨਾਲ ਜਿੱਤ ਲਿਆ। ਭਾਰਤੀ ਤੀਰਅੰਦਾਜ਼ੀ ਐਸੋਸੀਏਸ਼ਨ ਦੇ ਬਿਆਨ ਅਨੁਸਾਰ ਵਿਸ਼ਵ ਖੇਡਾਂ ਵਿੱਚ ਭਾਰਤ ਦਾ ਇਹ ਪਹਿਲਾ ਤਗਮਾ ਅਤੇ ਵਰਮਾ ਦਾ ਕੌਮੀ ਪੱਧਰ ’ਤੇ 50ਵਾਂ ਤਗਮਾ ਹੈ। ਉਂਜ ਵਿਅਕਤੀਗਤ ਵਰਗ ਵਿੱਚ ਵਰਮਾ ਨੇ ਨਿਰਾਸ਼ ਕੀਤਾ। ਕੁਆਰਟਰ ਫਾਈਨਲ ਵਿੱਚ ਦੁਨੀਆਂ ਦੇ ਅੱਵਲ ਦਰਜੇ ਦੇ ਖਿਡਾਰੀ ਵਿਸ਼ਵ ਚੈਂਪੀਅਨ ਮਾਈਕ ਸਕਲੋਏਸਰ ਨੂੰ ਹਰਾਉਣ ਵਾਲਾ ਵਰਮਾ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ’ਚ ਨਾਕਾਮ ਰਿਹਾ। ਉਸ ਨੂੰ ਫਰਾਂਸ ਦੇ ਜੀਨ ਫਿਲਿਪ ਬੌਲਚ ਤੋਂ 141-143 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮਗਰੋਂ ਕਾਂਸੇ ਦੇ ਤਗਮੇ ਦੇ ਪਲੇਅਆਫ ਮੈਚ ਵਿੱਚ ਉਹ ਆਪਣੇ ਤੋਂ ਹੇਠਲੇ ਦਰਜੇ ਵਾਲੇ ਕੈਨੇਡਾ ਦੇ ਕ੍ਰਿਸਟੋਫਰ ਪਾਰਕਿਨਸ ਤੋਂ 145-148 ਨਾਲ ਹਾਰ ਗਿਆ।