ਅਹਿਮਦਾਬਾਦ:ਭਾਰਤ ਨੇ ਇੰਗਲੈਂਡ ਨੂੰ ਤੀਜੇ ਦਿਨ ਰਾਤ ਦੇ ਟੈਸਟ ਮੈਚ ਵਿੱਚ 10 ਵਿਕਟਾਂ ਨਾਲ ਹਰਾ ਦਿੱਤਾ ਹੈ। ਸਪਿੰਨਰਾਂ ਲਈ ਮਦਦਗਾਰ ਪਿੱਚ ’ਤੇ ਪੰਜ ਦਿਨਾ ਟੈਸਟ ਮੈਚ ਦੂਜੇ ਦਿਨ ਹੀ ਸਮਾਪਤ ਹੋ ਗਿਆ। ਇਸ ਜਿੱਤ ਨਾਲ ਭਾਰਤ ਲੜੀ ਵਿਚ 2-1 ਨਾਲ ਅੱਗੇ ਹੋ ਗਿਆ ਹੈ। ਇਸ ਤੋਂ ਪਹਿਲਾਂ ਅੱਜ ਦੁਪਹਿਰੇ ਭਾਰਤੀ ਪਾਰੀ 145 ਦੌੜਾਂ ’ਤੇ ਸਿਮਟ ਗਈ। ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਅੱਜ ਗੇਂਦਬਾਜ਼ੀ ਵਿਚ ਕਮਾਲ ਦਿਖਾਇਆ। ਉਸ ਨੇ 8 ਦੌੜਾਂ ਦੇ ਕੇ 5 ਖਿਡਾਰੀਆਂ ਨੂੰ ਆਊਟ ਕੀਤਾ। ਇਸ ਤੋਂ ਬਾਅਦ ਇੰਗਲੈਂਡ ਦੀ ਟੀਮ ਦੂਜੀ ਪਾਰੀ ਵਿਚ 81 ਦੌੜਾਂ ’ਤੇ ਆਲ ਆਊਟ ਹੋ ਗਈ। ਇੰਗਲੈਂਡ ਦੇ ਬੱਲੇਬਾਜ਼ ਦੂਜੀ ਪਾਰੀ ਵਿਚ ਵੀ ਭਾਰਤੀ ਸਪਿੰਨਰਾਂ ਦੀ ਫਿਰਕੀ ਅੱਗੇ ਟਿੱਕ ਨਾ ਸਕੇ। ਅਕਸ਼ਰ ਪਟੇਲ ਨੇ ਪੰਜ ਜਦਕਿ ਰਵੀਚੰਦਰਨ ਅਸ਼ਵਿਨ ਨੇ ਚਾਰ ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਨੇ ਭਾਰਤ ਨੂੰ ਜਿੱਤ ਲਈ 49 ਦੌੜਾਂ ਦਾ ਟੀਚਾ ਦਿੱਤਾ ਜੋ ਭਾਰਤ ਨੇ ਬਿਨਾਂ ਵਿਕਟ ਗੁਆਏ ਹਾਸਲ ਕਰ ਲਿਆ। ਭਾਰਤ ਵਲੋਂ ਰੋਹਿਤ ਸ਼ਰਮਾ ਨੇ 25 ਜਦਕਿ ਸ਼ੁਭਮਨ ਗਿੱਲ ਨੇ 15 ਦੌੜਾਂ ਬਣਾਈਆਂ। ਇਸ ਜਿੱਤ ਨਾਲ ਭਾਰਤ ਨੇ ਵਿਸ਼ਵ ਟੈਸਟ ਮੈਚ ਦੇ ਫਾਈਨਲ ਵਿਚ ਪੁੱਜਣ ਦਾ ਦਾਅਵਾ ਮਜ਼ਬੂਤ ਕੀਤਾ। ਇਸ ਜਿੱਤ ਨਾਲ ਭਾਰਤੀ ਟੀਮ ਦਰਜਾਬੰਦੀ ਵਿਚ ਸਿਖਰ ’ਤੇ ਪੁੱਜ ਗਈ ਹੈ।