ਬਠਿੰਡਾ/ਤਲਵੰਡੀ ਸਾਬੋ, 3 ਜੁਲਾਈ
ਜ਼ਿਲ੍ਹਾ ਬਠਿੰਡਾ ਦੇ ਪਿੰਡ ਤਿੳੁਣਾ ਪੁਜਾਰੀਆਂ ਨੇੜੇ ਪੁਲੀਸ ਅਤੇ ਗੈਂਗਸਟਰਾਂ ਦੇ ਦੋ ਕਥਿਤ ਸਾਥੀਆਂ ਵਿਚਾਲੇ ਗੋਲੀਬਾਰੀ ਹੋਈ, ਜਿਸ ਵਿੱਚ ਇਕ ਗੈਂਗਸਟਰ ਜ਼ਖ਼ਮੀ ਹੋ ਗਿਆ। ਇਸ ਘਟਨਾ ਮਗਰੋਂ ਪੁਲੀਸ ਨੇ ਦੋਵੇਂ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ। ਪੁਲੀਸ ਨੇ ਜ਼ਖ਼ਮੀ ਮੁਲਜ਼ਮ ਨੂੰ ਪਹਿਲਾਂ ਸਥਾਨਕ ਸਿਵਲ ਹਸਪਤਾਲ ਲਿਆਂਦਾ, ਜਿਥੋਂ ਬਾਅਦ ਵਿੱਚ ਉਸ ਨੂੰ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਸੀ।
ਇਸ ਬਾਰੇ ਐੱਸਐੱਸਪੀ ਬਠਿੰਡਾ ਨੇ ਗੁਲਨੀਤ ਸਿੰਘ ਖੁਰਾਣਾ ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਦੋਵੇਂ ਮੁਲਜ਼ਮਾਂ ਦਾ ਲਾਰੈਂਸ ਬਿਸ਼ਨੋਈ/ਗੋਲਡੀ ਬਰਾੜ ਗੈਂਗ ਨਾਲ ਕਥਿਤ ਸਬੰਧ ਹੈ। ਐੱਸਐੱਸਪੀ ਨੇ ਦੱਸਿਆ ਕਿ ਸੀਆਈਏ-1 ਬਠਿੰਡਾ ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਪੁਲੀਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਤਲਾਸ਼ ਵਿੱਚ ਤਲਵੰਡੀ ਸਾਬੋ ਖੇਤਰ ’ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਜਦੋਂ ਪੁਲੀਸ ਪਾਰਟੀ ਪਿੰਡ ਮਲਕਾਣਾ ਤੋਂ ਤਿਉਣਾ ਪੁਜਾਰੀਆਂ ਵੱਲ ਜਾ ਰਹੀ ਸੀ ਤਾਂ ਪਿੰਡ ਤਿਉਣਾ ਪੁਜਾਰੀਆਂ ਨੇੜਲੇ ਸੂਏ ਦੇ ਪੁਲ ਕੋਲ ਬਗ਼ੈਰ ਨੰਬਰ ਤੋਂ ਇੱਕ ਸ਼ੱਕੀ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਆਉਂਦੇ ਵਿਖਾਈ ਦਿੱਤੇ। ਪੁਲੀਸ ਪਾਰਟੀ ਵੱਲੋਂ ਸ਼ੱਕ ਦੇ ਆਧਾਰ ’ਤੇ ਇਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਬਚਣ ਲਈ, ਪੁਲੀਸ ਪਾਰਟੀ ’ਤੇ ਫ਼ਾਇਰ ਕੀਤੇ। ਪੁਲੀਸ ਅਧਿਕਾਰੀ ਅਨੁਸਾਰ ਪੁਲੀਸ ਵੱਲੋਂ ਜਵਾਬੀ ਕਾਰਵਾਈ ਵਿੱਚ ਗੋਲੀ ਚਲਾਈ ਗਈ, ਜੋ ਇੱਕ ਨੌਜਵਾਨ ਦੀ ਸੱਜੀ ਲੱਤ ’ਤੇ ਲੱਗੀ। ਮੁਲਜ਼ਮਾਂ ਦੀ ਪਛਾਣ ਜਸਵਿੰਦਰ ਸਿੰਘ ਉਰਫ ਘੋੜਾ ਵਾਸੀ ਜੱਜਲ ਜ਼ਿਲ੍ਹਾ ਬਠਿੰਡਾ ਤੇ ਬੁੱਧ ਰਾਮ ਵਾਸੀ ਸੰਗਤ ਖੁਰਦ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ।
ਮੁਢਲੀ ਪੁੱਛ-ਪਡ਼ਤਾਲ ਵਿੱਚ ਸਾਹਮਣੇ ਆਇਆ ਹੈ ਕਿ ਜਸਵਿੰਦਰ ਖ਼ਿਲਾਫ਼ ਥਾਣਾ ਰਾਮਾ ਵਿੱਚ ਫਿਰੌਤੀ ਮੰਗਣ ਦੇ ਦੋਸ਼ ਹੇਠ ਕੇਸ ਦਰਜ ਹੈ ਤੇ ਇਸ ਕੇਸ ਵਿੱਚ ਉਹ ਬੀਤੀ 3 ਅਪਰੈਲ ਨੂੰ ਜੇਲ੍ਹ ’ਚੋਂ ਬਾਹਰ ਆਇਆ ਹੈ। ਬੁੱਧ ਰਾਮ ’ਤੇ ਵੀ ਐੱਨਡੀਪੀਐੱਸ ਦਾ ਕੇਸ ਦਰਜ ਸੀ, ਜਿਸ ਤਹਿਤ ਉਹ ਬੀਤੀ 23 ਫਰਵਰੀ ਨੂੰ ਜੇਲ੍ਹ ’ਚੋ ਬਾਹਰ ਆਇਆ ਹੈ। ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਤਲਵੰਡੀ ਸਾਬੋ ਦੇ ਇੱਕ ਦੁਕਾਨਦਾਰ ਨੂੰ ਫਿਰੌਤੀ ਲਈ ਫੋਨ ਕੀਤਾ ਸੀ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 1 ਪਿਸਤੌਲ .32 ਬੋਰ ਸਮੇਤ 4 ਕਾਰਤੂਸ ਤੇ 2 ਖੋਲ, 1 ਪਿਸਤੌਲ .315 ਬੋਰ ਸਮੇਤ 1 ਕਾਰਤੂਸ ਬਰਾਮਦ ਹੋਏ ਹਨ।