ਨਵੀਂ ਦਿੱਲੀ, 11 ਜਨਵਰੀ
ਸਰਕਾਰ ਨੇ ਆਰਗੈਨਿਕ ਉਤਪਾਦਾਂ ਤੇ ਬੀਜਾਂ ਅਤੇ ਇਨ੍ਹਾਂ ਦੀ ਬਰਾਮਦ ਨੂੰ ਹੱਲਾਸ਼ੇਰੀ ਦੇਣ ਲਈ ਤਿੰਨ ਨਵੀਆਂ ਸਹਿਕਾਰੀ ਸਭਾਵਾਂ ਦਾ ਗਠਨ ਕਰਨ ਦਾ ਫ਼ੈਸਲਾ ਕੀਤਾ ਹੈ। ਬਹੁ-ਰਾਜੀ ਸਹਿਕਾਰੀ ਸਭਾ ਕਾਨੂੰਨ, 2002 ਤਹਿਤ ਕੌਮੀ ਪੱਧਰ ’ਤੇ ਸਹਿਕਾਰੀ ਆਰਗੈਨਿਕ ਸਭਾ, ਸਹਿਕਾਰੀ ਬੀਜ ਸਭਾ ਅਤੇ ਸਹਿਕਾਰੀ ਬਰਾਮਦ ਸਭਾ ਦਾ ਰਜਿਸਟ੍ਰੇਸ਼ਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਅੱਜ ਹੋਈ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ) ਦੀ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ।