ਰਘੁਵੀਰ ਸਿੰਘ ਕਲੋਆ
ਕਾਫ਼ੀ ਪੁਰਾਣੀ ਗੱਲ ਹੈ, ਇਕ ਨੌਜਵਾਨ ਆਜੜੀ ਦੂਰ ਦੁਰਾਡੇ ਦੇ ਪਿੰਡ ਤੋਂ ਵਧੀਆ ਨਸਲ ਦੀ ਬੱਕਰੀ ਖ਼ਰੀਦ ਕੇ ਆਪਣੇ ਪਿੰਡ ਨੂੰ ਵਾਪਸ ਆ ਰਿਹਾ ਸੀ। ਰਸਤੇ ’ਚ ਉਹ ਕੁਝ ਚਿਰ ਲਈ ਇਕ ਦਰੱਖਤ ਹੇਠ ਆਰਾਮ ਕਰਨ ਲਈ ਰੁਕਿਆ। ਉੱਥੇ ਲਾਗੇ ਹੀ ਰਹਿਣ ਵਾਲੇ ਤਿੰਨ ਠੱਗ ਆਜੜੀ ਕੋਲ ਕੀਮਤੀ ਬੱਕਰੀ ਦੇਖ ਕੇ ਲਲਚਾ ਉੱਠੇ। ਉਹ ਤਿੰਨੇ ਇਕ ਦੂਜੇ ਨੂੰ ਆਜੜੀ ਕੋਲੋਂ ਬੱਕਰੀ ਖੋਹ ਕੇ ਲਿਆਉਣ ਲਈ ਕਹਿਣ ਲੱਗੇ, ਪਰ ਉਸ ਆਜੜੀ ਦਾ ਤਕੜਾ ਜੁੱਸਾ ਅਤੇ ਉਸ ਹੱਥ ਨਰੋਈ ਡਾਂਗ ਦੇਖ ਕੇ ਉਨ੍ਹਾਂ ਵਿਚੋੋਂ ਕਿਸੇ ਕੋਲ ਵੀ ਅਜਿਹਾ ਕਰਨ ਦੀ ਹਿੰਮਤ ਨਾ ਪਈ।
ਆਖਿਰ ਉਨ੍ਹਾਂ ਇਕ ਤਰਕੀਬ ਸੋਚੀ ਤੇ ਥੋੜ੍ਹੀ ਦੇਰ ਪਿੱਛੋਂ ਜਦੋਂ ਉਹ ਆਜੜੀ ਆਰਾਮ ਕਰਕੇ ਫਿਰ ਆਪਣੇ ਰਾਹ ਤੁਰਿਆ ਤਾਂ ਤਿੰਨੇ ਠੱਗ ਪਹਿਲਾਂ ਤੋਂ ਹੀ ਉਸ ਦੇ ਰਾਹ ’ਚ ਥੋੜ੍ਹੀ-ਥੋੜ੍ਹੀ ਦੂਰੀ ’ਤੇ ਖੜ੍ਹ ਗਏ। ਰਾਹੇ-ਰਾਹ ਜਾਂਦਿਆਂ ਆਜੜੀ ਨੂੰ ਸਭ ਤੋਂ ਪਹਿਲਾਂ ਪਹਿਲਾ ਠੱਗ ਮਿਲਿਆ। ਸਾਹਮਣੇ ਤੋਂ ਆਉਂਦਿਆਂ ਉਹ ਬੜੀ ਨਿਮਰਤਾ ਨਾਲ ਕਹਿਣ ਲੱਗਾ,
‘ਨਮਸਕਾਰ ਭਾਈ ਸਾਹਿਬ! ਕਿਹੜੇ ਪਿੰਡ ਤੋਂ ਆਏ ਹੋ?’
‘ਨਮਸਕਾਰ! ਉੱਚੇ ਪਿੰਡ ਤੋਂ ਆਇਆ ਹਾਂ, ਬੱਕਰੀ ਲੈ ਕੇ।’ ਆਜੜੀ ਨੇ ਪ੍ਰਸੰਨਤਾ ਨਾਲ ਕਿਹਾ।
‘ਬੱਕਰੀ ਲੈ ਕੇ! ਪਰ ਭਾਈ ਸਾਹਿਬ ਮੈਨੂੰ ਤਾਂ ਇਹ ਸ਼ਿਕਾਰੀ ਕੁੱਤੀ ਲੱਗਦੀ ਹੈ।’ ਠੱਗ ਨੇ ਬੜੀ ਚਾਲਾਕੀ ਨਾਲ ਹੈਰਾਨੀ ਪ੍ਰਗਟਾਉਂਦੇ ਕਿਹਾ। ਇਹ ਸੁਣ ਆਜੜੀ ਨੂੰ ਗੁੱਸਾ ਚੜ੍ਹ ਗਿਆ।
‘ਚੱਲ ਪਰੇ, ਮੂਰਖ ਨਾ ਹੋਵੇ ਕਿਸੇ ਥਾਂ ਦਾ, ਬੱਕਰੀ ਨੂੰ ਸ਼ਿਕਾਰੀ ਕੁੱਤੀ ਆਖਦਾ।’
ਠੱਗ ਅੱਡੇ ਹੋਏ ਮੂੰਹ ’ਤੇ ਹੱਥ ਰੱਖ ਕੇ ਚੁੱਪ ਕਰਕੇ ਉੱਥੋਂ ਖਿਸਕ ਗਿਆ, ਪਰ ਗੁੱਸੇ ’ਚ ਆਏ ਆਜੜੀ ਦਾ ਮਨ ਕਿੰਨਾ ਚਿਰ ਅਸ਼ਾਂਤ ਰਿਹਾ।
ਅੱਗੇ ਜਾਂਦਿਆਂ ਥੋੜ੍ਹੀ ਦੂਰ ਜਾ ਕੇ ਉਸ ਨੂੰ ਦੂਜਾ ਠੱਗ ਮਿਲ ਪਿਆ। ਆਪਣੇ ਦੋਵੇਂ ਹੱਥ ਜੋੜ ਦੂਜੇ ਠੱਗ ਨੇ ਵੀ ਨਮਸਕਾਰ ਕੀਤੀ ਤੇ ਹੈਰਾਨੀ ਨਾਲ ਆਜੜੀ ਨੂੰ ਪੁੱਛਣ ਲੱਗਾ,
‘ਭਾਈ ਸਾਹਿਬ ਸ਼ਿਕਾਰ ਖੇਡਣ ਚੱਲੇ ਓ!’
‘ਨਾ ਭਾਈ, ਮੈਂ ਤਾਂ ਆਪਣੇ ਪਿੰਡ ਨੂੰ ਜਾ ਰਿਹਾ ਹਾਂ।’ ਆਜੜੀ ਨੇ ਜੁਆਬ ਦਿੱਤਾ।
ਠੱਗ ਹੋਰ ਹੈਰਾਨ ਹੋ ਕੇ ਕਹਿਣ ਲੱਗਾ,
‘ਅੱਛਾ! ਤਾਂ ਫਿਰ ਆਹ ਸ਼ਿਕਾਰੀ ਕੁੱਤੀ ਕਾਹਤੋਂ ਨਾਲ ਤੋਰੀ ਆ?’
ਇਹ ਸੁਣ ਆਜੜੀ ਨੂੰ ਫੇਰ ਗੁੱਸਾ ਚੜ੍ਹ ਗਿਆ। ਗੁੱਸੇ ਵਿਚ ਉਸ ਜਿਉਂ ਹੀ ਆਪਣੀ ਡਾਂਗ ਉਲਾਰੀ ਤਾਂ ਠੱਗ ਇਹ ਕਹਿੰਦਾ ਪਰੇ ਖਿਸਕ ਗਿਆ, ‘ਲੈ! ਕੋਲ ਸ਼ਿਕਾਰੀ ਕੁੱਤੀ ਲਈ ਫਿਰਦਾ, ਕਹਿੰਦਾ ਮੈਂ ਸ਼ਿਕਾਰ ਨ੍ਹੀਂ ਕਰਦਾ।’
ਆਜੜੀ ਹੁਣ ਕਾਫ਼ੀ ਗੁੱਸੇ ’ਚ ਸੀ। ਅੱਗੇ ਇਕ ਖੂਹ ਸੀ। ਆਪਣਾ ਗੁੱਸਾ ਘੱਟ ਕਰਨ ਲਈ ਆਜੜੀ ਨੇ ਖੂਹ ਤੋਂ ਪਾਣੀ ਪੀਤਾ ਤੇ ਆਪਣੀਆਂ ਅੱਖਾਂ ’ਚ ਵੀ ਪਾਣੀ ਦੇ ਛਿੱਟੇ ਮਾਰੇ। ਆਪਣੀਆਂ ਅੱਖਾਂ ਅੱਡ ਉਹ ਆਪਣੀ ਬੱਕਰੀ ਵੱਲ ਗੌਰ ਨਾਲ ਵੇਖ ਕੇ ਆਪਣੇ ਆਪ ਨੂੰ ਕਹਿਣ ਲੱਗਾ, ‘ਕਿਹੋ ਜਿਹੇ ਮੂਰਖ ਬੰਦੇ ਟੱਕਰੇ ਅੱਜ, ਚੰਗੀ ਭਲੀ ਬੱਕਰੀ ਨੂੰ ਕੁੱਤੀ ਕਹੀ ਜਾਂਦੇ।’
ਸ਼ਾਮ ਹੋਣ ਵਾਲੀ ਸੀ। ਆਜੜੀ ਕੁਝ ਪਰੇਸ਼ਾਨੀ ’ਚ ਘੜੀ-ਮੁੜੀ ਆਪਣੀ ਬੱਕਰੀ ਵੱਲ ਵੇਖਦਾ ਤੁਰਿਆ ਜਾ ਰਿਹਾ ਸੀ। ਅੱਗੇ ਤੀਜਾ ਠੱਗ ਰਸਤੇ ’ਚ ਬੈਠ ਰੱਸੀ ਵੱਟਣ ਦਾ ਨਾਟਕ ਕਰ ਰਿਹਾ ਸੀ। ਜਿਉਂ ਹੀ ਆਜੜੀ ਉਸ ਕੋਲ ਦੀ ਲੰਘਣ ਲੱਗਾ ਉਹ ਬੜੀ ਹਲੀਮੀ ਨਾਲ ਕਹਿਣ ਲੱਗਾ, ‘ਭਾਈ ਸਾਹਿਬ! ਆਪਣੀ ਕਿ ਖ਼ਰੀਦ ਕੇ ਲਿਆਏ ਹੋ?’
‘ਖ਼ਰੀਦ ਕੇ ਲਿਆਇਆਂ, ਦੱਸ ਤੈਨੂੰ ਕੀ?’ ਆਜੜੀ ਗੁੱਸੇ ਨਾਲ ਬੋਲਿਆ।
‘ਮੈਂ ਤਾਂ ਇਸ ਕਰਕੇ ਕਿਹਾ, ਇੱਥੇ ਐਹੋ ਜਿਹੀਆਂ ਕੁੱਤੀਆਂ ਐਵੇਂ ਤੁਰੀਆਂ ਫਿਰਦੀਆਂ, ਆਹ ਉੱਚੇ ਪਿੰਡ ਵਾਲੇ ਲੋਕਾਂ ਨੂੰ ਮੁੱਲ ਵੇਚੀ ਜਾਂਦੇ।’ ਠੱਗ ਨੇ ਬੜੀ ਚਤੁਰਾਈ ਨਾਲ ਕਿਹਾ। ਇਹ ਸੁਣ ਆਜੜੀ ਦਾ ਗੁੱਸਾ ਸਿਖ਼ਰ ’ਤੇ ਜਾ ਪੁੱਜਾ। ਉਹ ਡਾਂਗ ਲੈ ਜਿਉਂ ਹੀ ਠੱਗ ਵੱਲ ਭੱਜਿਆ ਤਾਂ ਠੱਗ ਇਹ ਕਹਿੰਦਾ ਉਸ ਤੋਂ ਵੀ ਤੇਜ਼ ਭੱਜ ਗਿਆ, ‘ਲੈ ਠੱਗ ਆਪ ਹੋ ਗਿਆ, ਗੁੱਸਾ ਮੇਰੇ ’ਤੇ ਕੱਢਦਾ।’
ਇਹ ਕਹਿ ਕੇ ਠੱਗ ਤਾਂ ਕਿਤੇ ਦੂਰ ਭੱਜ ਗਿਆ, ਪਰ ਆਜੜੀ ਦੁਚਿੱਤੀ ’ਚ ਪੈ ਗਿਆ। ਉਸ ਦੀ ਬੁੱਧੀ ਅਤੇ ਵਿਵੇਕ ਦੋਵੇਂ ਗੁਆਚ ਚੁੱਕੇ ਸਨ। ਹੁਣ ਉਸ ਨੂੰ ਆਪਣੀ ਬੱਕਰੀ ’ਚੋਂ ਸੱਚ-ਮੁੱਚ ਕੁੱਤੀ ਦਾ ਭੁਲੇਖਾ ਪੈਣ ਲੱਗਾ। ਅੰਤ ਪਰੇਸ਼ਾਨ ਹੋਇਆ ਉਹ ਬੱਕਰੀ ਨੂੰ ਉੱਥੇ ਹੀ ਛੱਡ ਗਿਆ। ਦੂਰ ਲੁਕ ਕੇ ਖੜ੍ਹੇ ਤਿੰਨੇ ਠੱਗ ਹੱਸਦੇ-ਹੱਸਦੇ ਆਏ ਤੇ ਬੱਕਰੀ ਦਾ ਰੱਸਾ ਫੜ ਆਪਣੇ ਰਾਹ ਪੈ ਗਏ।