ਨਵੀਂ ਦਿੱਲੀ, 5 ਅਕਤੂਬਰ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਮਾਰੇ ਗਏ ਕਿਸਾਨ ਗੁਰਵਿੰਦਰ ਸਿੰਘ ਦਾ ਪੋਸਟਮਾਰਟਮ ਮੁੜ ਹੋਵੇਗਾ। ਕਿਸਾਨ ਆਗੂਆਂ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਹੋਏ ਪੋਸਟਮਾਰਟਮ ਤੋਂ ਪਰਿਵਾਰ ਤੇ ਕਿਸਾਨ ਸੰਤੁਸ਼ਟ ਨਹੀਂ ਹਨ। ਕਿਸਾਨ ਆਗੂਆਂ ਮੁਤਾਬਕ ਚਸ਼ਮਦੀਦਾਂ ਵੱਲੋਂ ਗੋਲੀ ਮਾਰੇ ਜਾਣ ਦੀ ਪੁਖਤਾ ਜਾਣਕਾਰੀ ਹੈ, ਜਿਸ ਕਰਕੇ ਮੁੜ ਪੋਸਟਮਾਰਟਮ ਕਰਵਾਉਣ ਲਈ ਕਿਸਾਨਾਂ ਦੀ ਕੋਸ਼ਿਸ਼ ਹੈ। ਲਖੀਮਪੁਰ ਖੀਰੀ ਵਿੱਚ ਇੰਟਰਨੈੱਟ ਸੇਵਾਵਾਂ ਹਾਲੇ ਬੰਦ ਹਨ। ਕੁੱਝ ਕਿਸਾਨਾਂ ਵੱਲੋਂ ਰਵਨੀਤ ਸਿੰਘ ਹੁੰਦਲ ਦੇ ‌ਪੋਸਟਮਾਰਟਮ ਦੌਰਾਨ ਉੱਠੇ ਮਾਮਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਲਾਸ਼ ਦਾ ਸਸਕਾਰ ਨਹੀਂ ਕੀਤਾ ਜਾ ਰਿਹਾ। ਬਹਿਰਾਇਚ ਦੇ ਕਿਸਾਨ ਗੁਰਵਿੰਦਰ ਸਿੰਘ ਦਾ ਅੰਤਮ ਸੰਸਕਾਰ ਦਾ ਪਰਿਵਾਰ ਵਲੋਂ ਰੋਕ ਦਿੱਤਾ ਗਿਆ, ਜਦ ਕਿ ਤਿੰਨ ਕਿਸਾਨਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 19 ਸਾਲਾ ਨੌਜਵਾਨ ਦੇ ਪਰਿਵਾਰ ਨੇ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਕਿਹਾ ਹੈ ਕਿ ਜਦੋਂ ਤੱਕ ਪੋਸਟਮਾਰਟਮ ਰਿਪੋਰਟ ਨਹੀਂ ਮਿਲ ਜਾਂਦੀ ਸਸਕਾਰ ਨਹੀਂ ਕੀਤਾ ਜਾਵੇਗਾ। ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਦੌਰੇ ਦੇ ਵਿਰੋਧ ਵਿੱਚ ਐਤਵਾਰ ਦੀ ਹਿੰਸਾ ਵਿੱਚ ਮਾਰੇ ਗਏ 9 ਲੋਕਾਂ ਵਿੱਚ ਲਵਪ੍ਰੀਤ ਸਿੰਘ ਅਤੇ ਤਿੰਨ ਹੋਰ ਕਿਸਾਨ ਸ਼ਾਮਲ ਸਨ।