ਸਕੂਲ ਵਿਚ ਬੱਚਿਆਂ ਲਈ ਆਇਆ ਅਨਾਜ ਅਤੇ ਪੈਸੇ ਘਰੋ-ਘਰੀ ਜਾ ਕੇ ਵੰਡ ਰਿਹਾ ਸੀ, ਪਰ ਨਾ ਤਾਂ ਵੰਡਿਆ ਜਾ ਰਿਹਾ ਅਨਾਜ ਬਹੁਤਾ ਜ਼ਿਆਦਾ ਸੀ ਅਤੇ ਨਾ ਹੀ ਰਕਮ। ਪਰ ਇਹ ਸ਼ਾਇਦ ਡੁੱਬਦੇ ਨੂੰ ਤਿਣਕੇ ਦੇ ਸਹਾਰੇ ਵਾਂਗ ਜ਼ਰੂਰ ਸੀ। ਘਰਾਂ ਵਿੱਚੋਂ ਤੰਗੀ ਅਤੇ ਗ਼ਰੀਬੀ ਸਾਫ਼ ਝਲਕ ਰਹੀ ਸੀ। ਦਰਅਸਲ, ਕਰੋਨਾ ਦੇ ਇਸ ਮਾਰੂ ਦੌਰ ਨੇ ਇਨ੍ਹਾਂ ਗ਼ਰੀਬਾਂ ਦਾ ਲੱਕ ਹੀ ਤੋੜ ਛੱਡਿਆ ਸੀ। ਗੁਰਦੁਆਰਾ ਸਾਹਿਬ ਵਿਚ ਪਹਿਲਾਂ ਹੀ ਮੁਨਿਆਦੀ ਕਰਵਾਈ ਹੋਣ ਕਰਕੇ ਹਰੇਕ ਘਰ ’ਚੋਂ ਕੋਈ ਇਕ ਬੱਚਾ ਜਾਂ ਪਰਿਵਾਰ ਦਾ ਕੋਈ ਇਕ ਜੀਅ ਆਪਣੇ ਘਰ ਦੇ ਬੂਹੇ ਵਿਚ ਖੜ੍ਹਾ ਸਾਨੂੰ ਉਡੀਕ ਰਿਹਾ ਸੀ। ਅਚਾਨਕ ਮੈਂ ਮੋਹਨ ਦੇ ਘਰ ਮੂਹਰੇ ਜਾ ਖੜ੍ਹਾ ਹੋਇਆ। ਮੋਹਨ ਥੋੜ੍ਹੇ ਦਿਨ ਪਹਿਲਾਂ ਹੀ ਸਕੂਲ ਆਉਣ ਲੱਗਿਆ ਸੀ। ਉਸ ਦੇ ਪਾਪਾ ਨੂੰ ਕਿਸੇ ਕੰਮ ਵਿਚ ਬਹੁਤ ਘਾਟਾ ਪੈ ਗਿਆ ਸੀ। ਕਰੋਨਾ ਦੇ ਕਹਿਰ ਕਾਰਨ ਉਹ ਕੋਈ ਦਿਹਾੜੀ-ਦੱਪਾ ਕਰਨ ਜੋਗਾ ਵੀ ਨਹੀਂ ਸੀ ਰਿਹਾ ਕਿਉਂਕਿ ਕਰਫਿਊ ਲੱਗਾ ਹੋਇਆ ਸੀ। ਮੈਂ ਬਹੁਤ ਹੀ ਸਾਊ ਅਤੇ ਮਲੂਕ ਜਿਹੇ ਮੋਹਨ ਨੂੰ ਪਿਆਰ ਨਾਲ ਕਿਹਾ, ‘‘ਬੇਟਾ ਜੀ, ਤੁਸੀਂ ਤਾਂ ਅਜੇ ਦਾਖ਼ਲ ਨਹੀਂ ਹੋਏ ਸਕੂਲ ’ਚ। ਤੁਹਾਡਾ ਨਾ ਤਾਂ ਅਨਾਜ ਆਇਆ ਹੈ ਅਤੇ ਨਾ ਹੀ ਪੈਸੇ।’’ ਇੰਨਾ ਕਹਿਣ ਦੀ ਦੇਰ ਸੀ ਕਿ ਉਸ ਵਿਚਾਰੇ ਦਾ ਚਿਹਰਾ ਉਤਰ ਗਿਆ। ਇੰਝ ਜਾਪਿਆ ਜਿਵੇਂ ਉਸ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ ਹੋਵੇ। ਮੈਥੋਂ ਪੁੱਛੇ ਬਿਨਾਂ ਰਿਹਾ ਨਾ ਗਿਆ ਅਤੇ ਪੁੱਛ ਹੀ ਲਿਆ, ‘‘ਪੁੱਤ, ਤੁਹਾਡੇ ਲਈ ਘਰੇ ਖਾਣ-ਪੀਣ ਨੂੰ ਹੈ ਕੁਸ਼?’’ ਮੇਰੇ ਸਵਾਲ ਦਾ ਜਵਾਬ ਦੇਣ ਦੀ ਥਾਂ ਉਸ ਨੇ ਨੀਵੀਂ ਪਾ ਲਈ ਅਤੇ ਨਾਂਹ ਵਿਚ ਸਿਰ ਹਿਲਾਉਂਦਿਆਂ ਉਸ ਦੀਆਂ ਅੱਖਾਂ ਭਰ ਆਈਆਂ। ਮੈਂ ਆਪਣੇ ਪੱਲਿਓਂ ਉਸ ਨੂੰ ਪੈਸੇ ਦਿੰਦਿਆਂ ਕਿਹਾ, ‘‘ਪੁੱਤ ਤੂੰ ਰੋ ਨਾ, ਤੂੰ ਆਹ ਅਨਾਜ ਵੀ ਫੜ ਅਤੇ ਪੈਸੇ ਵੀ।’’ ਮੇਰੀ ਗੱਲ ਸੁਣਦਿਆਂ ਹੀ ਉਸ ਦੇ ਉਦਾਸ ਚਿਹਰੇ ’ਤੇ ਰੌਣਕ ਪਰਤ ਆਈ। ਸ਼ੁਕਰਗੁਜ਼ਾਰ ਹੁੰਦਿਆਂ, ਅਨਾਜ ਅਤੇ ਪੈਸੇ ਲੈ ਕੇ ਟਹਿਕਦੇ ਹੋਏ ਚਿਹਰੇ ਨਾਲ ਮੋਹਨ ਚਾਈਂ-ਚਾਈਂ ਆਪਣੇ ਘਰ ਦੇ ਅੰਦਰ ਚਲਾ ਗਿਆ।
– ਕੁਲਵੰਤ ਖਨੌਰੀ