ਵਾਸ਼ਿੰਗਟਨ, 

ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਕਿਹਾ ਕਿ ਤਾਲਿਬਾਨ ਨੂੰ ਯਾਤਰਾ ਦੀ ਆਜ਼ਾਦੀ, ਅਤਿਵਾਦ ਦਾ ਮੁਕਾਬਲਾ ਕਰਨ, ਮਹਿਲਾਵਾਂ ਤੇ ਘੱਟ ਗਿਣਤੀਆਂ ਸਹਿਤ ਅਫ਼ਗਾਨਾਂ ਦੇ ਬੁਨਿਆਦੀ ਅਧਿਕਾਰਾਂ ਦਾ ਸਨਮਾਨ ਕਰਨ ਤੇ ਸਾਰਿਆਂ ਦੀ ਨੁਮਾਇੰਦਗੀ ਵਾਲੀ ਸਰਕਾਰ ਬਣਾਉਣ ਦੀ ਆਪਣੀ ਵਚਨਬੱਧਤਾ ਪੂਰੀ ਕਰ ਕੇ ਕੌਮਾਂਤਰੀ ਪੱਧਰ ਉਤੇ ਸਮਰਥਨ ਹਾਸਲ ਕਰਨਾ ਹੋਵੇਗਾ। ਬਲਿੰਕਨ ਨੇ ਕਿਹਾ ਕਿ ਅਮਰੀਕਾ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਕਹਿਣੀ ਦੇ ਅਧਾਰ ਉਤੇ ਨਹੀਂ ਬਲਕਿ ਉਹ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਕੀ ਕਰਦਾ ਹੈ, ਇਸ ਅਧਾਰ ਉਤੇ ਉਸ ਨਾਲ ਰਾਬਤਾ ਕਰੇਗਾ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿਚ ਰਹਿਣ ਦਾ ਬਦਲ ਚੁਣਨ ਵਾਲਿਆਂ ਖ਼ਿਲਾਫ਼ ਤਾਲਿਬਾਨ ਨੂੰ ਬਦਲੇ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ। ਅਫ਼ਗਾਨ ਲੋਕਾਂ ਦੀਆਂ ਜ਼ਰੂਰਤਾਂ ਤੇ ਇੱਛਾਵਾਂ ਨੂੰ ਪੂਰਾ ਕਰਨ ਵਾਲਾ ਸ਼ਾਸਨ ਦੇਣਾ ਚਾਹੀਦਾ ਹੈ। ਬਲਿੰਕਨ ਨੇ ਕਿਹਾ ਕਿ ਅਮਰੀਕਾ ਨੇ ਤਾਲਿਬਾਨ ਨਾਲ ਪਿਛਲੇ ਕੁਝ ਹਫ਼ਤਿਆਂ ਦੌਰਾਨ ਤਾਲਮੇਲ ਬਣਾਇਆ ਹੈ। ਹੁਣ ਅੱਗੇ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਨਾਲ ਤਾਲਮੇਲ ਸਿਰਫ਼ ਇਕ ਚੀਜ਼ ਉਤੇ ਨਿਰਭਰ ਕਰੇਗਾ- ਉਹ ਹੈ ਅਮਰੀਕਾ ਦੇ ਕੌਮੀ ਹਿੱਤ। ਉਨ੍ਹਾਂ ਕਿਹਾ ਕਿ ਜੇ ਅਫ਼ਗਾਨ ਸਰਕਾਰ ਨਾਲ ਅਮਰੀਕਾ ਇਸ ਢੰਗ ਨਾਲ ਕੰਮ ਕਰ ਸਕਿਆ ਜਿਸ ਨਾਲ ਉਸ ਦੇ ਹਿੱਤ ਸੁਰੱਖਿਅਤ ਰਹਿਣ ਤਾਂ ਉਹ ਤਾਲਮੇਲ ਜਾਰੀ ਰੱਖੇਗਾ। ਪਿਛਲੇ ਸਾਲ ਤੋਂ ਤਾਲਿਬਾਨ ਵੱਲੋਂ ਬੰਦੀ ਬਣਾਏ ਗਏ ਅਮਰੀਕੀ ਨਾਗਰਿਕ ਮਾਰਕ ਫਰੇਰਿਚਸ ਦੀ ਰਿਹਾਈ ਮੰਗਦਿਆਂ ਬਲਿੰਕਨ ਨੇ ਕਿਹਾ ਕਿ ਇਹ ਸਭ ਇਸ ਢੰਗ ਨਾਲ ਹੋਵੇ ਜੋ ਮੁਲਕ ਵਿਚ ਹੋਰ ਜ਼ਿਆਦਾ ਸਥਿਰਤਾ ਲਿਆਏ ਤੇ ਪਿਛਲੇ 20 ਸਾਲਾਂ ਵਿਚ ਹੋਏ ਸੁਧਾਰ ਕਾਇਮ ਰਹਿਣ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਮਦਦ ਦੇਣੀ ਜਾਰੀ ਰੱਖਣਗੇ। ਬਲਿੰਕਨ ਨੇ ਕਿਹਾ ਕਿ ਖਿੱਤੇ ਦੇ ਬਾਕੀ ਦੇਸ਼ਾਂ ਨਾਲ, ਕੌਮਾਂਤਰੀ ਸੰਗਠਨਾਂ ਨਾਲ ਅਮਰੀਕਾ ਇਸ ਮੁੱਦੇ ਉਤੇ ਨੇੜਿਓਂ ਤਾਲਮੇਲ ਰੱਖੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਸਾਥੀ ਮੁਲਕਾਂ ਤੇ ਭਾਈਵਾਲਾਂ ਦੇ ਮਕਸਦ ਸਾਂਝੇ ਹਨ ਤੇ ਉਹ ਮਿਲ ਕੇ ਕੰਮ ਕਰਨਗੇ।